ਵੈਸ਼ਵਿਕ ਜਲਵਾਯੂ ਪਰਿਵਰਤਨ ’ਤੇ ਡਾ. ਵਰਮਾ ਦੀ ਕਿਤਾਬ ਜਾਰੀ
ਵੈਸ਼ਵਿਕ ਜਲਵਾਯੂ ਪਰਿਵਰਤਨ ’ਤੇ ਡਾ. ਕਰਨ ਵਰਮਾ ਦੀ ਕਿਤਾਬ ਜਾਰੀ
Publish Date: Fri, 09 Jan 2026 04:46 PM (IST)
Updated Date: Fri, 09 Jan 2026 04:48 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵੱਲੋਂ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਵੈਸ਼ਵਿਕ ਜਲਵਾਯੂ ਪਰਿਵਰਤਨ ਬਾਰੇ ਡਾ. ਕਰਨ ਵਰਮਾ ਵੱਲੋਂ ਲਿਖੀ ਕਿਤਾਬ ‘ਮੋਡਰਨ ਐਗਰੋਨੋਮੀ ਇੰਟੀਗਰੇਟਿੰਗ ਸਾਇੰਸ, ਟੈਕਨਾਲੋਜੀ ਐਂਡ ਕਲਾਈਮੇਟ-ਸਮਾਰਟ ਪ੍ਰੈਕਟਿਸਸ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਨਿਰਦੇਸ਼ਕ ਯੋਜਨਾਕਾਰੀ ਅਤੇ ਵਿਕਾਸ ਡਾ. ਅਸ਼ਵਨੀ ਸੇਠੀ ਅਤੇ ਖੇਤੀਬਾੜੀ ਕਾਲਜ ਦੇ ਡੀਨ ਹਾਜ਼ਰ ਸਨ। ਇਸ ਮੌਕੇ ਡਾ. ਸਿੰਘ ਨੇ ਕਿਤਾਬ ਦੇ ਲੇਖਕ ਡਾ. ਵਰਮਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵੈਸ਼ਵਿਕ ਪੱਧਰ ’ਤੇ ਹੋ ਰਹੇ ਜਲਵਾਯੂ ਪਰਿਵਰਤਨ ਦੇ ਕਾਰਨ ਕਿਸਾਨਾਂ, ਬਾਗਵਾਨਾਂ ਅਤੇ ਇਸ ਨਾਲ ਸਬੰਧਿਤ ਧਿਰਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਦਾ ਇਹ ਹੱਲ ਪੇਸ਼ ਕਰਦੀ ਹੈ। ਇਹ ਕਿਤਾਬ ਉਨ੍ਹਾਂ ਦੇ ਲਈ ਕਾਫੀ ਲਾਭਦਾਇਕ ਸਾਬਿਤ ਹੋਵੇਗੀ। ਉਨ੍ਹਾਂ ਡਾ. ਵਰਮਾ ਦੇ ਇਸ ਉੱਦਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਡਾ. ਸੇਠੀ ਤੇ ਡਾ. ਕਸ਼ਅਪ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਖੋਜ ’ਤੇ ਆਧਾਰਿਤ ਅਕਾਦਮਿਕ ਉਪਰਾਲੇ ਕਿਸਾਨਾਂ ਅਤੇ ਵਿਗਿਆਨੀਆਂ ਦੋਹਾਂ ਲਈ ਲਾਭਦਾਇਕ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਆਈਸੀਏਆਰ ਦੀਆਂ ਨੀਤੀਆਂ ਅਨੁਸਾਰ ਮਾਹਿਰਾਂ ਨੂੰ ਇਸ ਤਰ੍ਹਾਂ ਦੀਆਂ ਖੋਜ ਨਾਲ ਸਬੰਧਤ ਕਿਤਾਬਾਂ ਲਿਖਣ ਦੀ ਪ੍ਰੇਰਣਾ ਦਿੱਤੀ। ਲੇਖਕ ਵੱਲੋਂ ਇਸ ਕਿਤਾਬ ਦੀਆਂ ਕਾਪੀਆਂ ਯੂਨੀਵਰਸਿਟੀ ਲਾਇਬ੍ਰੇਰੀ ਵਿਚ ਰੱਖਣ ਲਈ ਦਿੱਤੀਆਂ ਗਈਆਂ।