ਗਾਇਕ ਗਰੇਵਾਲ ਵੱਲੋਂ ਭਰੂਣ ਹੱਤਿਆ ਰੋਕਣ ਸਬੰਧੀ ਪੋਸਟਰ ਰਿਲੀਜ਼
ਗਾਇਕ ਕਨਵਰ ਗਰੇਵਾਲ ਵੱਲੋਂ ਭਰੂਣ ਹੱਤਿਆ ਰੋਕਣ ਸਬੰਧੀ ਪੋਸਟਰ ਰਿਲੀਜ਼
Publish Date: Fri, 09 Jan 2026 04:39 PM (IST)
Updated Date: Fri, 09 Jan 2026 04:42 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿਚ ਲਿੰਗ ਅਨੁਪਾਤ ਨੂੰ ਸੰਤੁਲਿਤ ਬਣਾਉਣ ਅਤੇ ਧੀ-ਪੁੱਤਰ ਵਿਚ ਭੇਦਭਾਵ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪ੍ਰਸਿੱਧ ਪੰਜਾਬੀ ਲੋਕ ਗਾਇਕ ਕਨਵਰ ਗਰੇਵਾਲ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਮਾਜ ਨੂੰ ਸੰਦੇਸ਼ ਦਿੱਤਾ ਕਿ ਧੀ ਵੀ ਪੁੱਤਰ ਦੇ ਬਰਾਬਰ ਹੈ ਅਤੇ ਧੀਆਂ ਨੂੰ ਜਨਮ ਤੋਂ ਹੀ ਸਨਮਾਨ ਅਤੇ ਬਰਾਬਰੀ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਕਨਵਰ ਗਰੇਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਇਸ ਲੋਹੜੀ ਤੇ ਕੁੜੀਆਂ ਦੀ ਜਨਮ ਦਰ ਨੂੰ ਉਤਸ਼ਾਹਿਤ ਕਰਨ ਲਈ ਡਾ. ਤਪਿੰਦਰਜੋਤ ਦੀ ਦੇਖ-ਰੇਖ ਹੇਠ ਜੱਚਾ ਬੱਚਾ ਹਸਪਤਾਲ ਵਿਖੇ ਕੁੜੀਆਂ ਦੀ ਲੋਹੜੀ ਮਨਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਿੰਗ ਅਨੁਪਾਤ ਵਿਚ ਆ ਰਹੀ ਕਮੀ ਸਮਾਜ ਲਈ ਗੰਭੀਰ ਚੁਣੌਤੀ ਹੈ, ਜਿਸ ਦਾ ਮੁਕਾਬਲਾ ਸਾਂਝੀ ਸੋਚ ਅਤੇ ਸਾਂਝੇ ਉਪਰਾਲਿਆਂ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੀਆਂ ਦੀ ਸਿੱਖਿਆ, ਸਿਹਤ ਅਤੇ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਭਰੂਣ ਹੱਤਿਆ ਵਰਗੀਆਂ ਅਪਰਾਧਿਕ ਪ੍ਰਥਾਵਾਂ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਜਾਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਨੀਆ ਗੁਪਤਾ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜ਼ਿਲ੍ਹਾ ਬੀਸੀਸੀ ਨਰਿੰਦਰ ਕੁਮਾਰ, ਬੀਈਈ ਗਗਨਦੀਪ ਸਿੰਘ ਭੁੱਲਰ ਅਤੇ ਹਰਜਿੰਦਰ ਕੌਰ ਹਾਜ਼ਰ ਸਨ।