ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ, ਕੱਪੜੇ ਤੇ ਬੂਟ ਵੰਡੇ
ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ, ਕੱਪੜੇ ਅਤੇ ਬੂਟ ਵੰਡੇ
Publish Date: Fri, 09 Jan 2026 04:26 PM (IST)
Updated Date: Fri, 09 Jan 2026 04:27 PM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਲੜਕੀਆਂ ਦੀ ਸਿੱਖਿਆ ਨੂੰ ਸਮਰਪਿਤ ਮਾਲਵੇ ਇਲਾਕੇ ਦੀ ਮਸ਼ਹੂਰ ਸੰਸਥਾ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਢੱਡੇ ਦੀ ਸਮੂਹ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਰਲ ਮਿਲ ਕੇ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਵਿਚੋਂ ਸਮਾਜ ਦੇ ਲੋੜਵੰਦ ਪਰਿਵਾਰਾਂ ਲਈ ਗਰਮ ਕੰਬਲ, ਕੱਪੜੇ, ਜਰਾਬਾਂ ਅਤੇ ਬੂਟਾਂ ਦਾ ਪ੍ਰਬੰਧ ਕੀਤਾ ਗਿਆ। ਚੇਅਰਮੈਨ ਕੁਲਵੰਤ ਸਿੰਘ ਸਿੱਧੂ ਅਤੇ ਐੱਮਡੀ ਗੁਰਬਿੰਦਰ ਸਿੰਘ ਬੱਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਸੰਸਥਾ ਵੱਲੋਂ ਇਹ ਪੁੰਨ ਦਾ ਕੰਮ ਦਸਮੇਸ਼ ਪਿਤਾ ਜੀ ਦੇ ਸਤਿਕਾਰਯੋਗ ਚਾਰੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਕੀਤਾ ਗਿਆ ਹੈ। ਸੰਸਥਾ ਦੇ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕਾਰਜ ਬਿਰਧ ਆਸ਼ਰਮ, ਮੌੜ ਮੰਡੀ ਦੇ ਸੰਚਾਲਕ ਡਾਕਟਰ ਯਾਦਵਿੰਦਰ ਸਿੰਘ ਅਤੇ ਸਬ-ਇੰਸਪੈਕਟਰ ਬਲਜੀਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਤਹਿਤ ਘੁੰਮਣ ਕਲਾਂ ਅਤੇ ਹਰਕਿਸ਼ਨਪੁਰਾ ਦੇ ਇੱਟਾਂ ਦੇ ਭੱਠਿਆਂ ਉੱਪਰ ਕੰਮ ਕਰ ਰਹੇ ਪਰਦੇਸੀ ਲੇਬਰਾਂ ਅਤੇ ਝੁੱਗੀ-ਝੌਂਪੜੀ ਰਾਮਪੁਰਾ ਵਿਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ, ਕੱਪੜੇ, ਜਰਾਬਾਂ ਅਤੇ ਬੂਟ ਵੰਡੇ ਗਏ। ਕਾਲਜ ਪ੍ਰਿੰਸੀਪਲ ਰਾਜ ਸਿੰਘ ਬਾਘਾ ਅਤੇ ਦੀ ਪੋਲਰ ਸਟਾਰ ਸਕੂਲ ਦੇ ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਅਜਿਹੇ ਕਾਰਜ ਵਿਦਿਆਰਥੀਆਂ ਵਿਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਆਪਣੀ ਅਮੀਰ ਵਿਰਾਸਤ ਨਾਲ ਜੋੜਦੇ ਹਨ। ਇਸ ਮੌਕੇ ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਕਰਨਵੀਰ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਰਾਜਵਿੰਦਰ ਸਿੰਘ, ਪ੍ਰੋ. ਰਬਿੰਦਰ ਸਰਮਾ, ਪ੍ਰੋ. ਅਨਮੋਲ ਮਾਨ, ਮੈਡਮ ਨਿਰਮਲਜੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ ਅਤੇ ਹਰਦੀਪ ਸਿੰਘ ਡਿੱਖ ਵੀ ਹਾਜ਼ਰ ਸਨ।