ਆਈਐੱਮਏ ਪੰਜਾਬ ਨੇ 51 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਕੀਤੀ ਪ੍ਰਦਾਨ
ਆਈਐਮਏ ਪੰਜਾਬ ਨੇ 51 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ
Publish Date: Fri, 09 Jan 2026 04:24 PM (IST)
Updated Date: Fri, 09 Jan 2026 04:27 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਪੰਜਾਬ ਨੇ ਫਾਜ਼ਿਲਕਾ ਜ਼ਿਲ੍ਹੇ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਇਕ ਸ਼ਲਾਘਾਯੋਗ ਪਹਿਲ ਦੀ ਸ਼ੁਰੂਆਤ ਕੀਤੀ। ਇਸ ਲੜੀ ਤਹਿਤ ਆਈਐੱਮਏ ਨੇ ਹੜ੍ਹਾਂ ਤੋਂ ਪ੍ਰਭਾਵਿਤ 51 ਪਰਿਵਾਰਾਂ ਨੂੰ 15,000 ਰੁਪਏ ਦੇ ਵਿੱਤੀ ਸਹਾਇਤਾ ਚੈੱਕ ਵੰਡੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰ ਉਹ ਸਨ, ਜਿਨ੍ਹਾਂ ਦੀਆਂ ਧੀਆਂ ਦਾ ਹਾਲ ਹੀ ਵਿਚ ਵਿਆਹ ਹੋਇਆ ਸੀ ਅਤੇ ਹੜ੍ਹਾਂ ਕਾਰਨ ਉਹ ਭਾਰੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ। ਇਨ੍ਹਾਂ ਲਾਭਪਾਤਰੀ ਪਰਿਵਾਰਾਂ ਦੀ ਪਛਾਣ ਐੱਨਜੀਓ ਕਿਸਾਨ ਏਡ ਦੁਆਰਾ ਕੀਤੀ ਗਈ ਸੀ। ਸੰਗਠਨ ਨੇ ਇਹ ਯਕੀਨੀ ਬਣਾਇਆ ਕਿ ਸਭ ਤੋਂ ਵੱਧ ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਤਕ ਸਮੇਂ ਸਿਰ ਸਹਾਇਤਾ ਪਹੁੰਚ ਸਕੇ। ਚੈੱਕ ਵੰਡ ਸਮਾਰੋਹ ਆਈਐਮਏ ਅਤੇ ਕਿਸਾਨ ਏਡ ਦੁਆਰਾ ਸਾਂਝੇ ਤੌਰ 'ਤੇ ਕਰਵਾਏ ਇਕ ਸਮਾਗਮ ਵਿਚ ਹੋਇਆ। ਬਠਿੰਡਾ ਵਿਚ ਇਕ ਵਿਚਾਰ-ਵਟਾਂਦਰੇ ਦੌਰਾਨ ਆਈਐਮਏ ਪੰਜਾਬ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਕਿਹਾ ਕਿ ਆਈਐਮਏ ਪੰਜਾਬ ਭਰ ਵਿਚ ਹੜ੍ਹ ਰਾਹਤ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿਚ ਆਈਐਮਏ ਦੀਆਂ ਵੱਖ-ਵੱਖ ਬ੍ਰਾਂਚਾਂ ਰਾਹਤ ਅਤੇ ਪੁਨਰਵਾਸ ਯਤਨਾਂ ਵਿਚ ਲਗਾਤਾਰ ਯੋਗਦਾਨ ਦੇ ਰਹੀਆਂ ਹਨ। ਆਈਐਮਏ ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਭਗਵੰਤ ਸਿੰਘ ਅਤੇ ਬਰਨਾਲਾ ਤੋਂ ਡਾ. ਰਮਨਦੀਪ ਸਿੰਘ ਵੀ ਇਸ ਸਮਾਗਮ ਵਿਚ ਮੌਜੂਦ ਸਨ। ਇਸ ਮੌਕੇ ਡਾ. ਛਾਬੜਾ ਨੇ ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਆਈਐਮਏ ਫਾਜ਼ਿਲਕਾ ਦੇ ਪ੍ਰਧਾਨ ਡਾ. ਅਮਿਤ ਅਤੇ ਸਾਰੇ ਮੈਂਬਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨ ਏਡ ਦੇ ਮੈਂਬਰਾਂ, ਖਾਸ ਕਰਕੇ ਸੁਖਵੰਤ ਸਿੰਘ, ਹਰਦਰਸ਼ਨ ਸਿੰਘ ਅਤੇ ਗੁਰਲਾਲ ਸਿੰਘ ਦੇ ਯੋਗਦਾਨ ਲਈ ਵੀ ਧੰਨਵਾਦ ਕੀਤਾ। ਡਾ. ਛਾਬੜਾ ਦੇ ਅਨੁਸਾਰ ਇਹ ਸਹਾਇਤਾ ਆਈਐਮਏ. ਪਟਿਆਲਾ, ਖੰਨਾ, ਅਹਿਮਦਗੜ੍ਹ, ਬਰਨਾਲਾ ਅਤੇ ਮੋਹਾਲੀ ਬ੍ਰਾਚਾਂ ਦੁਆਰਾ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਨੇ ਖੰਨਾ ਤੋਂ ਡਾ. ਸ਼ਿਸ਼ਿਰ ਸੂਦ ਅਤੇ ਡਾ. ਮੋਹਿਤ, ਬਰਨਾਲਾ ਤੋਂ ਡਾ. ਨਵਦੀਪ ਸਿੰਘ, ਅਹਿਮਦਗੜ੍ਹ ਤੋਂ ਡਾ. ਸੁਮਿਤ ਹਿੰਦ ਅਤੇ ਮੋਹਾਲੀ ਤੋਂ ਡਾ. ਐਸਪੀਐਸ. ਬੇਦੀ ਅਤੇ ਡਾ. ਚਰਨਦੀਪ ਸਿੰਘ ਦੇ ਸਮਰਥਨ 'ਤੇ ਵਿਸ਼ੇਸ਼ ਤੌਰ 'ਤੇ ਚਾਨਣਾ ਪਾਇਆ।