ਲਿੰਕ ਸੜਕ ਦੀ ਇੱਕ ਸਾਲ ਤੋਂ ਹਾਲਤ ਖ਼ਸਤਾ, ਲੋਕ ਪਰੇਸ਼ਾਨ
ਇਕ ਸਾਲ ਤੋਂ ਲਟਕਦੀ ਸੰਗਤ ਗੁਰਥੜੀ ਲਿੰਕ ਸੜਕ, ਪਿੰਡ ਵਾਸੀ ਤੇ ਰਾਹਗੀਰ ਪ੍ਰੇਸ਼ਾਨ
Publish Date: Thu, 08 Jan 2026 05:45 PM (IST)
Updated Date: Thu, 08 Jan 2026 05:48 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਸੰਗਤ-ਗੁਰਥੜੀ ਲਿੰਕ ਸੜਕ ਦਾ ਕੰਮ ਪਿਛਲੇ ਇੱਕ ਸਾਲ ਤੋਂ ਅਧੂਰਾ ਪਿਆ ਹੋਣ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਪਾਇਆ ਗਿਆ ਮੋਟਾ ਪੱਥਰ ਹੁਣ ਥਾਂ-ਥਾਂ ਤੋਂ ਉੱਖੜ ਚੁੱਕਾ ਹੈ, ਜਿਸ ਕਾਰਨ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚ ਰਿਹਾ ਹੈ। ਪਿੰਡ ਗੁਰਥੜੀ ਦੇ ਸਰਪੰਚ ਕਾਲਾ ਸਿੰਘ, ਸਾਬਕਾ ਸਰਪੰਚ ਧਰਮਪਾਲ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਧੀਰਾ ਸਿੰਘ ਖਾਲਸਾ, ਰਾਜਿੰਦਰ ਸਿੰਘ ਦੋਧੀ, ਬਿੰਦਰ ਸਿੰਘ ਅਤੇ ਦੀਦਾਰ ਸਿੰਘ ਨੇ ਦੱਸਿਆ ਕਿ ਪਿੰਡ ਗੁਰਥੜੀ ਨੂੰ ਸੰਗਤ ਮੰਡੀ ਨਾਲ ਜੋੜਨ ਵਾਲੀ ਇਹ ਮੁੱਖ ਸੜਕ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਮੋਟਾ ਪੱਥਰ ਪਾ ਕੇ ਛੱਡ ਦਿੱਤੀ ਗਈ ਸੀ, ਪਰ ਹਾਲੇ ਤਕ ਇਸ ’ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਸੰਗਤ ਇੰਡੇਨ ਗੈਸ ਕੰਪਨੀ ਦਾ ਸਟੋਰ, ਕਾਟਨ ਮਿੱਲਾਂ, ਲੜਕੀਆਂ ਦਾ ਕਾਲਜ, ਸਕੂਲ, ਸੈਲਰ ਅਤੇ ਇੱਟਾਂ ਦੇ ਭੱਠੇ ਸਥਿਤ ਹਨ, ਜਿਸ ਕਾਰਨ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਸੜਕ ਬਣਾਉਣ ਵਾਲੀ ਜੀਬੀਐਲ ਕੰਸਟ੍ਰਕਸ਼ਨਜ਼ ਕੰਪਨੀ ਦੇ ਠੇਕੇਦਾਰ ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਮੋਟਾ ਪੱਥਰ ਪਾਇਆ ਗਿਆ ਸੀ, ਉਸ ਸਮੇਂ ਭਾਰਤ ਮਾਲਾ ਸੜਕ ਤਿਆਰ ਕਰਨ ਵਾਲੀ ਕੰਪਨੀ ਦਾ ਪਲਾਂਟ ਇਸ ਸੜਕ ’ਤੇ ਲੱਗਿਆ ਹੋਇਆ ਸੀ, ਜਿਸ ਦੇ ਚੱਲਦੇ ਟਿੱਪਰਾਂ ਕਾਰਨ ਉਨ੍ਹਾਂ ਦੀ ਕੰਪਨੀ ਵੱਲੋਂ ਪਾਏ ਪੱਥਰ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ, ਪਰ ਹਾਲੇ ਤਕ ਮਾਮਲੇ ਦਾ ਨਿਪਟਾਰਾ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ 2025 ਤੋਂ ਮਾਰਚ 2026 ਤਕ ਸੂਬੇ ਦੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ’ਤੇ ਪਾਬੰਦੀ ਲਾਈ ਗਈ ਹੈ, ਜਿਸ ਕਾਰਨ ਮਾਮਲੇ ਦੇ ਨਿਪਟਾਰੇ ਤੋਂ ਬਾਅਦ ਵੀ ਸੜਕ ਦਾ ਅੰਤਿਮ ਕੰਮ ਮਾਰਚ ਤੋਂ ਬਾਅਦ ਹੀ ਹੋ ਸਕੇਗਾ।