ਵਿਦਿਆਰਥਣ ਕਰਿਸ਼ਮਾ ਨੂਰ ਨੇ ਬਣਾਇਆ ਰਿਕਾਰਡ
ਵਿਦਿਆਰਥਣ ਕਰਿਸ਼ਮਾ ਨੂਰ ਨੇ ਰੱਸੀ ਟੱਪਦੇ ਹੋਏ
Publish Date: Thu, 08 Jan 2026 05:41 PM (IST)
Updated Date: Thu, 08 Jan 2026 05:42 PM (IST)
- ਰੱਸੀ ਟੱਪਦੇ ਹੋਏ 3 ਅੱਖਰਾਂ ਦਾ ਪਹਾੜਾ 100 ਲਾਈਨਾਂ ਤਕ ਸੁਣਾਇਆ
- ਪਹਿਲਾਂ ਵੀ ਬਣਾਏ ਹਨ 3 ਰਿਕਾਰਡ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਸੇਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਕਰਿਸ਼ਮਾ ਨੂਰ ਨੇ ਰੱਸੀ ਟੱਪਦੇ ਹੋਏ ਤੇਜ਼ਗਤੀ ਨਾਲ 3 ਅੱਖਰਾਂ ਦਾ ਪਹਾੜਾ 100 ਲਾਈਨਾਂ ਤਕ ਸੁਣਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕਰਿਸ਼ਮਾ ਦੇ ਇਸ ਵਿਲੱਖਣ ਰਿਕਾਰਡ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਕਰਸ਼ਿਮਾ ਨੇ ਤੇਜ਼ਗਤੀ ਟਾਇਪਿੰਗ ਵਿਚ 3 ਰਿਕਾਰਡ ਬਣਾਏ ਹਨ।
ਸਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਰਸ਼ਿਮਾ ਨੂਰ ਪੁੱਤਰੀ ਰਾਜ ਕੁਮਾਰ ਨੇ ਰੱਸੀ ਟੱਪਦੇ ਹੋਏ 289 ਦਾ ਪਹਾੜਾ 100 ਲਾਈਨਾਂ ਤਕ ਸਿਰਫ 83 ਸੈਕੰਡ ਵਿਚ ਸੁਣਾ ਕੇ ਇਹ ਰਿਕਾਰਡ ਕਾਇਮ ਕੀਤਾ ਹੈ। ਉਸ ਨੇ ਇਸ ਦੀ ਤਿਆਰੀ ਅਬੈਕਸ ਵਿਧੀ ਦੇ ਨਾਲ ਆਪਣੀ ਦਿਮਾਗ ਸ਼ਕਤੀ ਅਤੇ ਸਪੀਡ ਨੂੰ ਵਧਾ ਕੇ ਕੀਤਾ ਹੈ। ਇੰਡੀਆ ਬੁੱਕ ਆਫ ਰਿਕਾਰਡ ਨੇ ਇਸ ਦੀ ਪੁਸ਼ਟੀ ਕਰਦਿਆਂ ਉਸ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤਾ ਹੈ। ਰਾਮਪੁਰਾ ਫੂਲ ਸਬ ਡਵੀਜ਼ਨ ਦੇ ਐੱਸਡੀਐੱਮ ਸੁਨੀਲ ਫੋਗਾਟ ਆਈਏਐੱਸ ਤੇ ਨਾਇਬ ਤਹਿਸੀਲਦਾਰ ਵਿਕਾਸ ਕੁਮਾਰ ਨੇ ਕਰਸ਼ਿਮਾ ਨੂੰ ਆਪਣੇ ਦਫਤਰ ਵਿਚ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮੁੱਚੀ ਸਬ ਡਵੀਜ਼ਨ ਅਤੇ ਜ਼ਿਲ੍ਹੇ ਦੇ ਲਈ ਮਾਨ ਵਾਲੀ ਗੱਲ ਹੈ। ਕਰਿਸ਼ਮਾ ਨੇ ਜਦੋਂ ਉਨ੍ਹਾਂ ਨੂੰ ਆਪਣੇ ਇਸ ਰਿਕਾਰਡ ਦਾ ਲਾਈਵ ਡੈਮੋ ਦਿੱਤਾ ਤਾਂ ਉਹ ਵੀ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਦਿਮਾਗੀ ਸ਼ਕਤੀ ਅਤੇ ਇਕਾਗਰਤਾ ਵਾਲੇ ਬੱਚਿਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਬਹੁਤ ਫਾਇਦਾ ਮਿਲੇਗਾ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਕਰਸ਼ਿਮਾ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸੇਂਟ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੂਲੇਲੀਓ ਫਰਨਾਂਡਿਜ, ਮੈਨੇਜਰ ਐਡਰਿਓ ਫਰਨਾਂਡਿਜ ਅਤੇ ਕੋਆਡੀਨੇਟਰ ਪ੍ਰੇਮਲਤਾ ਨੇ ਵੀ ਕਰਿਸ਼ਮਾ ਨੂਰ ਅਤੇ ਸ਼ਾਰਪ ਬ੍ਰੇਨਸ ਸੰਸਥਾ ਨੂੰ ਇਸ ਰਿਕਾਰਡ ਦੇ ਲਈ ਵਧਾਈ ਦਿੱਤੀ ਹੈ।