ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਲੱਖ ਦੀ ਠੱਗੀ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਲੱਖ ਦੀ ਠੱਗੀ
Publish Date: Thu, 08 Jan 2026 05:27 PM (IST)
Updated Date: Thu, 08 Jan 2026 05:30 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਅਤੇ ਇੱਕ ਹੋਰ ਮਾਮਲੇ ਵਿਚ ਜਾਲੀ ਦਸਤਾਵੇਜ਼ ਤਿਆਰ ਕਰ ਕੇ ਇੱਕ ਵਿਅਕਤੀ ਦਾ ਮਕਾਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਗਤਾ ਭਾਈਕਾ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸੁਰਜੀਤ ਸਿੰਘ ਵਾਸੀ ਭਗਤਾ ਭਾਈਕਾ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣਾ ਸੀ, ਜਿਸ ਲਈ ਉਸ ਨੇ ਨਿਰਭੈ ਸਿੰਘ ਵਾਸੀ ਦਿਆਲਪੁਰਾ ਭਾਈਕਾ ਨਾਲ ਸੰਪਰਕ ਕੀਤਾ। ਪੀੜਤ ਨੇ ਦੱਸਿਆ ਕਿ ਨਿਰਭੈ ਸਿੰਘ ਨੇ ਉਸ ਕੋਲੋਂ 3 ਲੱਖ ਰੁਪਏ ਲੈ ਲਏ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ। ਥਾਣਾ ਭਗਤਾ ਭਾਈਕਾ ਦੇ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਮੁਲਜਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਹੀ ਥਾਣਾ ਰਾਮਾਂ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਨਾਨਕ ਰਾਮ ਵਾਸੀ ਰਾਮਾਂ ਮੰਡੀ ਨੇ ਦੱਸਿਆ ਕਿ ਵੀਨਾ ਰਾਣੀ, ਪੂਰਨ ਰਾਣੀ ਅਤੇ ਪਵਨ ਕੁਮਾਰ ਵਾਸੀ ਰਾਮਾਂ ਮੰਡੀ ਨੇ ਉਸ ਦੇ ਮਕਾਨ ਨੂੰ ਧੋਖੇਬਾਜ਼ੀ ਨਾਲ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਅੱਗੇ ਵੇਚ ਦਿੱਤਾ ਹੈ। ਥਾਣਾ ਰਾਮਾਂ ਮੰਡੀ ਦੀ ਪੁਲਿਸ ਨੇ ਮੁਲਜਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।