ਮੁੱਖ ਮੰਤਰੀ ਭਲਕੇ ਮੁਲਤਾਨੀਆ ਓਵਰਬ੍ਰਿਜ਼ ਤੇ ਜ਼ਿਲ੍ਹਾ ਲਾਇਬ੍ਰੇਰੀ ਦਾ ਕਰਨਗੇ ਉਦਘਾਟਨ
ਮੁੱਖ ਮੰਤਰੀ 10 ਜਨਵਰੀ ਨੂੰ ਮੁਲਤਾਨੀਆ ਓਵਰਬ੍ਰਿਜ਼ ਅਤੇ ਜ਼ਿਲ੍ਹਾ ਲਾਇਬ੍ਰੇਰੀ ਦਾ ਕਰਨਗੇ ਉਦਘਾਟਨ
Publish Date: Thu, 08 Jan 2026 05:09 PM (IST)
Updated Date: Thu, 08 Jan 2026 05:12 PM (IST)

- ਓਵਰਬ੍ਰਿਜ਼ ਨਾਲ ਲਾਈਨੋਪਾਰ ਖੇਤਰ ਦੀ ਲਗਭਗ ਡੇਢ ਲੱਖ ਆਬਾਦੀ ਨੂੰ ਮਿਲੇਗੀ ਵੱਡੀ ਰਾਹਤ - ਜ਼ਿਲ੍ਹਾ ਲਾਇਬ੍ਰੇਰੀ ਨਾਲ ਨੌਜਵਾਨਾਂ ਨੂੰ ਮਿਲੇਗੀ ਪੜ੍ਹਾਈ ਦੀ ਨਵੀਂ ਦਿਸ਼ਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਸ਼ਹਿਰ ਲਈ ਵਿਕਾਸ ਦੇ ਮੀਲ ਪੱਥਰ ਸਾਬਤ ਹੋਣ ਵਾਲੇ ਦੋ ਅਹਿਮ ਪ੍ਰਾਜੈਕਟ ਮੁਲਤਾਨੀਆ ਓਵਰਬ੍ਰਿਜ਼ ਅਤੇ ਆਧੁਨਿਕ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ 10 ਜਨਵਰੀ ਨੂੰ ਕਰਨ ਜਾ ਰਹੇ ਹਨ। ਇਨ੍ਹਾਂ ਦੋਵੇਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਨਾਲ ਇੱਕ ਪਾਸੇ ਲਾਈਨੋਪਾਰ ਖੇਤਰ ਦੀ ਲਗਭਗ ਡੇਢ ਲੱਖ ਆਬਾਦੀ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੇਗੀ, ਜਦਕਿ ਦੂਜੇ ਪਾਸੇ ਜ਼ਿਲ੍ਹਾ ਲਾਇਬ੍ਰੇਰੀ ਨੌਜਵਾਨਾਂ ਲਈ ਸਿੱਖਿਆ ਅਤੇ ਮੁਕਾਬਲਤੀ ਪ੍ਰੀਖਿਆਵਾਂ ਦੀ ਤਿਆਰੀ ਦਾ ਇਕ ਮਜ਼ਬੂਤ ਕੇਂਦਰ ਬਣੇਗੀ। ਇਸ ਦਾ ਵਿਦਿਆਰਥੀਆਂ ਨੂੰ ਵੱਡਾ ਫਾਇਦਾ ਹੋਵੇਗਾ। ਮੁਲਤਾਨੀਆ ਓਵਰਬ੍ਰਿਜ਼ ਲੰਮੇ ਸਮੇਂ ਤੋਂ ਲੋਕਾਂ ਲਈ ਮੁਸ਼ਕਿਲ ਦਾ ਕਾਰਨ ਬਣਿਆ ਹੋਇਆ ਸੀ। ਨਿਰਮਾਣ ਕੰਮ ਪੂਰਾ ਹੋਣ ਦੇ ਬਾਵਜੂਦ ਇਸ ਦੇ ਸ਼ੁਰੂ ਨਾ ਹੋਣ ਕਾਰਨ ਲੋਕਾਂ ਵਿੱਚ ਕਾਫ਼ੀ ਨਾਰਾਜ਼ਗੀ ਸੀ। 23 ਦਸੰਬਰ ਨੂੰ ਗੁੱਸੇ ਵਿੱਚ ਆਏ ਲੋਕਾਂ ਨੇ ਓਵਰਬ੍ਰਿਜ਼ ਦੇ ਨੇੜੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਆਪਣੇ ਪੱਧਰ ’ਤੇ ਪੱਥਰ ਹਟਾ ਕੇ ਆਵਾਜਾਈ ਸ਼ੁਰੂ ਕਰਵਾ ਦਿੱਤੀ। ਓਵਰਬ੍ਰਿਜ਼ ਖੁੱਲ੍ਹਦੇ ਹੀ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ’ਤੇ ਵਿਧਾਇਕ ਜਗਰੂਪ ਗਿੱਲ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਸੰਭਾਲਿਆ। ਅਧਿਕਾਰੀਆਂ ਨੇ ਦੱਸਿਆ ਕਿ ਓਵਰਬ੍ਰਿਜ਼ ਨੂੰ ਫਿਲਹਾਲ 8 ਤੋਂ 10 ਦਿਨਾਂ ਲਈ ਟ੍ਰਾਇਲ ਅਧਾਰ ’ਤੇ ਖੋਲ੍ਹਿਆ ਗਿਆ ਹੈ, ਤਾਂ ਜੋ ਕਿਸੇ ਵੀ ਤਕਨੀਕੀ ਖਾਮੀ ਦੀ ਜਾਂਚ ਕੀਤੀ ਜਾ ਸਕੇ। ਟ੍ਰਾਇਲ ਦੌਰਾਨ ਜੇ ਕੋਈ ਘਾਟ ਪਾਈ ਗਈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਇਸਨੂੰ ਰਸਮੀ ਤੌਰ ’ਤੇ ਲੋਕਾਂ ਦੇ ਸਮਰਪਿਤ ਕਰਨਗੇ। ਓਵਰਬ੍ਰਿਜ਼ ਬੰਦ ਰਹਿਣ ਕਾਰਨ ਲੋਕਾਂ ਨੂੰ ਹਰ ਰੋਜ਼ ਲੰਮਾ ਚੱਕਰ ਲਗਾਉਣਾ ਪੈਂਦਾ ਸੀ, ਜਿਸ ਨਾਲ ਸਮਾਂ ਅਤੇ ਈਂਧਨ ਦੋਵਾਂ ਦੀ ਬਰਬਾਦੀ ਹੋ ਰਹੀ ਸੀ। ਹੁਣ ਓਵਰਬ੍ਰਿਜ਼ ਖੁਲ੍ਹਣ ਨਾਲ ਖਾਸ ਤੌਰ ’ਤੇ ਸਵੇਰੇ ਅਤੇ ਸ਼ਾਮ ਦੇ ਸਮੇਂ ਲੱਗਣ ਵਾਲੇ ਭਿਆਨਕ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲੇਗੀ। ਦੂਜੇ ਪਾਸੇ ਬਠਿੰਡਾ ਦੀ ਆਧੁਨਿਕ ਜ਼ਿਲ੍ਹਾ ਲਾਇਬ੍ਰੇਰੀ ਵੀ ਹੁਣ ਪੂਰੀ ਤਰ੍ਹਾਂ ਤਿਆਰ ਹੈ। ਕਰੀਬ 8.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਚਾਰ ਮੰਜ਼ਿਲਾਂ ਵਾਲੀ ਏਅਰ ਕੰਡੀਸ਼ਨਡ ਡਿਜ਼ੀਟਲ ਲਾਇਬ੍ਰੇਰੀ ਨੌਜਵਾਨਾਂ ਲਈ ਇੱਕ ਨਵੀਂ ਆਸ ਬਣ ਕੇ ਸਾਹਮਣੇ ਆਈ ਹੈ। ਲਾਇਬ੍ਰੇਰੀ ਵਿੱਚ 350 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ, ਜਦਕਿ ਹੁਣ ਤਕ 400 ਤੋਂ ਵੱਧ ਨੌਜਵਾਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਲਾਇਬ੍ਰੇਰੀ ਵਿੱਚ 25 ਹਜ਼ਾਰ ਤੋਂ ਵੱਧ ਕਿਤਾਬਾਂ ਮੌਜੂਦ ਹਨ ਅਤੇ ਹਰ ਵਿਸ਼ੇ ਨਾਲ ਸਬੰਧਿਤ ਅਧਿਐਨ ਸਮੱਗਰੀ ਉਪਲਬਧ ਹੈ। ਕਿਤਾਬਾਂ ਨੂੰ ਆਰਐੱਫਆਈਡੀ ਤਕਨਾਲੋਜੀ ਰਾਹੀਂ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਜਾਰੀ ਅਤੇ ਵਾਪਸ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ 20 ਕੰਪਿਊਟਰਾਂ ਨਾਲ ਇੰਟਰਨੈੱਟ ਅਤੇ ਵਾਈ-ਫਾਈ ਦੀ ਸੁਵਿਧਾ ਵੀ ਦਿੱਤੀ ਗਈ ਹੈ। ਦਿਵਿਆਂਗਾਂ ਅਤੇ ਬਜ਼ੁਰਗਾਂ ਦੀ ਸੁਵਿਧਾ ਲਈ ਲਿਫਟ ਦੀ ਵਿਵਸਥਾ ਕੀਤੀ ਗਈ ਹੈ। ਲਾਇਬ੍ਰੇਰੀ ਸਵੇਰੇ 8 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹੀ ਰਹੇਗੀ ਅਤੇ ਇਸ ਨੂੰ ਇੱਕ ਐਜੂਕੇਸ਼ਨਲ ਸੁਸਾਇਟੀ ਦੁਆਰਾ ਚਲਾਇਆ ਜਾਵੇਗਾ, ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ। ਮੈਂਬਰਸ਼ਿਪ ਫੀਸ 600 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪਿੰਡ ਨਰੂਆਣਾ ਵਿੱਚ ਵੀ ਇਕ ਹੋਰ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਲਾਇਬ੍ਰੇਰੀ ਵਿੱਚ ਪੁਲਿਸ ਦੀ ਪੱਕੀ ਤਾਇਨਾਤੀ ਕਰ ਦਿੱਤੀ ਗਈ ਹੈ। ਕੁੱਲ ਮਿਲਾ ਕੇ ਮੁਲਤਾਨੀਆ ਓਵਰਬ੍ਰਿਜ਼ ਅਤੇ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਬਠਿੰਡਾ ਦੇ ਵਿਕਾਸ ਵੱਲ ਇੱਕ ਅਹਿਮ ਕਦਮ ਸਾਬਤ ਹੋਵੇਗਾ, ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਨੌਜਵਾਨ ਵਰਗ ਨੂੰ ਵੀ ਸਿੱਧਾ ਲਾਭ ਮਿਲੇਗਾ। ਸਮਝਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ 10 ਜਨਵਰੀ ਨੂੰ ਬਠਿੰਡਾ ਦੌਰੇ ਦੌਰਾਨ ਹੋਰ ਕਈ ਪ੍ਰਾਜੈਕਟਾਂ ਦਾ ਐਲਾਨ ਕਰ ਸਕਦੇ ਹਨ।