ਸਰਸਵਤੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਮੈਡਲ
ਸਰਸਵਤੀ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ
Publish Date: Thu, 08 Jan 2026 05:03 PM (IST)
Updated Date: Thu, 08 Jan 2026 05:06 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਸਰਸਵਤੀ ਕਾਨਵੈਂਟ ਸਕੂਲ ਨੇ 29ਵੀਂ ਜੂਨੀਅਰ ਨੈਸ਼ਨਲ ਪੱਧਰ ਸੈਪਕਟਾਕਰਾ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 2025–26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਅਤੇ ਖੇਤਰ ਦਾ ਨਾਂ ਰੋਸ਼ਨ ਕੀਤਾ ਹੈ। ਇਹ ਨੈਸ਼ਨਲ ਚੈਂਪੀਅਨਸ਼ਿਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਕਰਵਾਈ ਗਈ, ਜਿਸ ਵਿਚ ਦੇਸ਼ ਭਰ ਤੋਂ ਟੀਮਾਂ ਨੇ ਹਿੱਸਾ ਲਿਆ। ਤਮਗਾ ਜੇਤੂ ਖਿਡਾਰਨਾਂ ਵਿਚ ਗੁਰਮੀਤ ਸਿੰਘ ਦੀ ਧੀ ਕਰਮਨਪ੍ਰੀਤ ਕੌਰ (ਬਾਰ੍ਹਵੀਂ) ਅਤੇ ਭੈਣੀ ਚੂਹੜ ਦੇ ਰਿੰਕੂ ਕੁਮਾਰ ਦੀ ਧੀ ਭੂਮਿਕਾ (ਗਿਆਰ੍ਹਵੀਂ) ਸ਼ਾਮਲ ਹਨ। ਦੋਵਾਂ ਵਿਦਿਆਰਥਣਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਹੁਨਰ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਦਾ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਸਕੂਲ ਚੇਅਰਮੈਨ ਸ਼ਿਵ ਕੁਮਾਰ ਜਿੰਦਲ ਅਤੇ ਪ੍ਰਿੰਸੀਪਲ ਸੀਮਾ ਜਿੰਦਲ ਨੇ ਇਨ੍ਹਾਂ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੱਤੀ। ਸੈਪਕਟਾਕਰਾ ਕੋਚ ਅਤੇ ਬਠਿੰਡਾ ਸੈਪਕਟਾਕਰਾ ਐਸੋਸੀਏਸ਼ਨ ਦੇ ਸਕੱਤਰ ਅਵਤਾਰ ਸਿੰਘ ਬਰਾੜ ਦੁਆਰਾ ਪ੍ਰਦਾਨ ਕੀਤੀ ਗਈ ਸ਼ਾਨਦਾਰ ਕੋਚਿੰਗ ਅਤੇ ਅਣਥੱਕ ਮਿਹਨਤ ਨੇ ਵੀ ਇਸ ਪ੍ਰਾਪਤੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਸਕੂਲ ਪ੍ਰਬੰਧਕਾਂ ਨੇ ਤਮਗਾ ਜੇਤੂ ਖਿਡਾਰਣਾਂ ਨੂੰ ਵਧਾਈ ਦਿੱਤੀ।