ਮਰੀਜ਼ਾਂ ਨੂੰ ਆਭਾ ਅਕਾਊਂਟ ਬਾਰੇ ਕੀਤਾ ਜਾਗਰੂਕ
ਮਰੀਜਾਂ ਨੂੰ ਆਭਾ ਅਕਾਊਂਟ ਬਾਰੇ ਕੀਤਾ ਜਾਗਰੂਕ
Publish Date: Thu, 08 Jan 2026 04:56 PM (IST)
Updated Date: Thu, 08 Jan 2026 05:00 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਵੱਲੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਆਭਾ ਸਿਹਤ ਪਛਾਣ ਖਾਤੇ (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਦੀ ਮਹੱਤਤਾ ਸਬੰਧੀ ਹਸਪਤਾਲ ਵਿਚ ਆਏ ਮਰੀਜਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਆਭਾ ਆਈਡੀ ਬਣਾਈ ਗਈ। ਡਾ. ਤਪਿੰਦਰਜੋਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਿਹਤ ਵਿਭਾਗ ਦਾ ਇੱਕ ਅਹਿਮ ਪ੍ਰਾਜੈਕਟ ਹੈ ਅਤੇ ਵਿਲੱਖਣ ਸਿਹਤ ਆਈਡੀ ਹੈ। ਜਿਸ ਤਹਿਤ ਕੋਈ ਵੀ ਵਿਅਕਤੀ ਆਪਣਾ ਆਭਾ ਨੰਬਰ ਬਣਾਉਣ ਉਪਰੰਤ ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਆਭਾ ਅਕਾਊਂਟ ਬਣਾਉਣ ਸਬੰਧੀ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ ਤਾਂ ਜੋ ਆਉਣ ਵਾਲੇ ਮਰੀਜ਼ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਇਹ ਵਧੀਆ ਉਪਰਾਲਾ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਆਪਣਾ ਸਿਹਤ ਰਿਕਾਰਡ ਘਰ ਵਿਚ ਆਫਲਾਈਨ ਰੱਖਣ ਦੀ ਜ਼ਰੂਰਤ ਨਹੀਂ ਹੈ, ਬਲਕਿ ਡਿਜ਼ੀਟਲ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਭਾ ਅਕਾਊਂਟ ਨਾਲ ਮਰੀਜ਼ ਖੱਜਲ-ਖੁਆਰੀ ਹੋਣ ਤੋਂ ਬਚਦੇ ਹਨ ਤੇ ਸਮੇਂ ਦੀ ਬਚਤ ਹੁੰਦੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਨੇ ਸਬੰਧਿਤ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਆਭਾ ਅਕਾਊਂਟ ਬਣਾਉਣਾ 100 ਫ਼ੀਸਦੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਆਪਣੇ ਮੋਬਾਈਲ ਵਿਚ ਪਲੇਅ ਸਟੋਰ ’ਤੇ ਜਾ ਕੇ ਆਭਾ ਐਪ ਨੂੰ ਡਾਊਨਲੋਡ ਕਰ ਕੇ ਆਪਣਾ ਅਕਾਊਂਟ ਬਣਾ ਕੇ ਇਸ ਵਿਚ ਆਪਣੀਆਂ ਸਾਰੀਆਂ ਪੁਰਾਣਾ ਸਿਹਤ ਰਿਕਾਰਡ, ਲੈਬ ਰਿਪੋਰਟਾਂ, ਬੀਮਾ ਰਿਕਾਰਡ ਅਤੇ ਹੋਰ ਸਿਹਤ ਰਿਕਾਰਡ ਨੂੰ ਇਕੱਤਰ ਕਰ ਕੇ ਰੱਖਿਆ ਜਾ ਸਕਦਾ ਹੈ ਅਤੇ ਕਿਸੇ ਵੀ ਡਾਕਟਰ ਕੋਲ ਜਾ ਕੇ ਆਪਣਾ ਅਕਾਊਂਟ ਨੰਬਰ ਦੱਸ ਕੇ ਆਪਣੀ ਸਿਹਤ ਦਾ ਚੈੱਕਅਪ ਕਰਵਾਇਆ ਜਾ ਸਕਦਾ ਹੈ। ਇਸ ਤਰ੍ਹਾਂ ਕੋਈ ਵੀ ਮਰੀਜ਼ ਕਾਊਂਟਰ ਤੋਂ ਟੋਕਨ ਲੈਣ ਉਪਰੰਤ ਆਪਣੀ ਪਰਚੀ ਲੈ ਸਕਦਾ ਹੈ। ਇਸ ਨਾਲ ਲਾਈਨਾਂ ਵਿਚ ਲੱਗ ਕੇ ਇੰਤਜ਼ਾਰ ਵੀ ਨਹੀਂ ਕਰਨਾ ਪੈਂਦਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਿਵਲ ਹਸਪਤਾਲ ਦੀ ਓਪੀਡੀ ਬਲਾਕ ਵਿਚ ਆਭਾ (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਸਬੰਧੀ ਕਿਊਆਰ, ਸਕੈਨਰ ਅਤੇ ਅਲੱਗ ਤੋਂ ਕਾਊਂਟਰ ਲਗਾਇਆ ਗਿਆ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਇਸਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ।