ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਸਨ ਬਲਵਿੰਦਰ ਸਿੰਘ ਭੁੱਲਰ
ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਸਨ ਬਲਵਿੰਦਰ ਸਿੰਘ ਭੁੱਲਰ
Publish Date: Thu, 08 Jan 2026 04:51 PM (IST)
Updated Date: Thu, 08 Jan 2026 04:54 PM (IST)
- ਲੋੜਵੰਦਾਂ ਦੀ ਹਰ ਸਮੇਂ ਮਦਦ ਰਹੀ ਰਹਿੰਦੇ ਸਨ ਤਿਆਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਟਕਸਾਲੀ ਕਾਂਗਰਸੀ ਆਗੂ ਬਲਵਿੰਦਰ ਸਿੰਘ ਭੁੱਲਰ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਅਤੇ ਲੋੜਵੰਦਾਂ ਦੀ ਹਰ ਸਮੇਂ ਮਦਦ ਲਈ ਤਿਆਰ ਰਹਿਣ ਵਾਲੇ ਸਨ। ਉਨ੍ਹਾਂ ਹਮੇਸ਼ਾ ਕਾਂਗਰਸ ਪਾਰਟੀ ਦਾ ਚਿੰਨ੍ਹ ਚਿੱਟੀ ਦਸਤਾਰ ਅਤੇ ਚਾਦਰਾ ਸਜਾ ਕੇ ਰੱਖਿਆ। ਸਾਰੀ ਜ਼ਿੰਦਗੀ ਉਨ੍ਹਾਂ ਕਾਂਗਰਸ ਪਾਰਟੀ ਲਈ ਕੰਮ ਕੀਤਾ। ਬਲਵਿੰਦਰ ਸਿੰਘ ਭੁੱਲਰ ਦਾ ਜਨਮ 1 ਜਨਵਰੀ 1941 ਨੂੰ ਮਾਤਾ ਜੰਗੀਰ ਕੌਰ ਅਤੇ ਪਿਤਾ ਹਾਕਮ ਸਿੰਘ ਦੇ ਘਰ ਪਿੰਡ ਕੋਟੜਾ ਕੌੜਿਆਂਵਾਲਾ ਵਿਖੇ ਹੋਇਆ। ਮੁੱਢਲੀ ਪੜ੍ਹਾਈ ਉਨ੍ਹਾਂ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਸਾਲ 1975 ਵਿੱਚ ਉਨ੍ਹਾਂ ਦਾ ਮੇਲ ਉਸ ਸਮੇਂ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਹਰਬੰਸ ਸਿੰਘ ਸਿੱਧੂ ਨਾਲ ਹੋਇਆ। ਇਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਬੇਅੰਤ ਸਿੰਘ ਦੇ ਅਤੀ ਨਜ਼ਦੀਕੀਆਂ ਵਿੱਚੋਂ ਰਹੇ। ਬੇਅੰਤ ਸਿੰਘ ਨੇ ਉਨ੍ਹਾਂ ਨੂੰ ਲੰਬਾ ਸਮਾਂ ਦੋ ਬਲਾਕਾਂ ਦਾ ਪ੍ਰਧਾਨ ਨਿਯੁਕਤ ਕਰੀ ਰੱਖਿਆ। ਭਾਵੇਂ ਬਲਵਿੰਦਰ ਸਿੰਘ ਭੁੱਲਰ ਨੂੰ ਵੱਖ-ਵੱਖ ਪਾਰਟੀਆਂ ਨੇ ਅਹੁਦੇ ਅਤੇ ਹੋਰ ਲਾਲਚ ਦਿੱਤੇ, ਪਰ ਉਨ੍ਹਾਂ ਹਮੇਸ਼ਾ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ। ਉਹ ਗਰੀਬ ਅਤੇ ਲੋੜਵੰਦ ਲੋਕਾਂ ਲਈ ਮਸੀਹਾ ਮੰਨੇ ਜਾਂਦੇ ਸਨ। ਉਨ੍ਹਾਂ ਲੋੜਵੰਦ ਲੋਕਾਂ ਦੀਆਂ ਵੱਡੀ ਗਿਣਤੀ ਪੈਨਸ਼ਨਾਂ ਅਤੇ ਹੋਰ ਕੰਮ ਕਰਵਾਏ। ਉਹ ਬਹੁਤ ਮਿਹਨਤੀ, ਦ੍ਰਿੜ ਇਰਾਦੇ ਵਾਲੇ ਅਤੇ ਨੇਕ ਦਿਲ ਸ਼ਖ਼ਸੀਅਤ ਸਨ। ਉਨ੍ਹਾਂ ਆਪਣੀ ਮਿਹਨਤ ਸਦਕਾ ਭੁੱਲਰ ਟਰਾਂਸਪੋਰਟ ਦਾ ਗਠਨ ਕੀਤਾ, ਜਿਹੜੀ ਕਿ ਉਨ੍ਹਾਂ ਦੇ ਪੁੱਤਰ ਗੁਰਚਰਨ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਭੁੱਲਰ ਸਫਲਤਾਪੂਰਵਕ ਚਲਾ ਰਹੇ ਹਨ। ਉਹ ਕੁਝ ਦਿਨ ਦੀ ਸੰਖੇਪ ਬਿਮਾਰੀ ਤੋਂ ਬਾਅਦ 31 ਦਸੰਬਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਬਲਵਿੰਦਰ ਸਿੰਘ ਭੁੱਲਰ ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ 9 ਜਨਵਰੀ ਸ਼ੁੱਕਰਵਾਰ ਨੂੰ ਗੁਰਦੁਆਰਾ ਛਾਉਣੀ ਸਾਹਿਬ ਪਿੰਡ ਕੋਟੜਾ ਕੌੜਿਆਂ ਵਾਲਾ ਵਿਖੇ ਦੁਪਹਿਰ 11:30 ਤੋਂ 12.30 ਵਜੇ ਤਕ ਹੋਵੇਗਾ।