ਕੋਰਮ ਪੂਰਾ ਨਾ ਹੋਣ ਕਾਰਨ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਬਜਟ ਇਜਲਾਸ ਫੇਲ੍ਹ
ਕੋਰਮ ਪੂਰਾ ਨਾ ਹੋਣ ਕਾਰਨ ਹਰਿਆਣਾ ਸਿੱਖ
Publish Date: Thu, 08 Jan 2026 04:45 PM (IST)
Updated Date: Thu, 08 Jan 2026 04:48 PM (IST)

- ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਤੁਰੰਤ ਅਸਤੀਫੇ ਦੀ ਮੰਗ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 7 ਜਨਵਰੀ ਨੂੰ ਬੁਲਾਇਆ ਗਿਆ ਬਜਟ ਇਜਲਾਸ ਕੋਰਮ ਪੂਰਾ ਨਾ ਹੋਣ ਕਾਰਨ ਫੇਲ੍ਹ ਹੋ ਗਿਆ। ਇਸ ਇਜਲਾਸ ਵਿਚ ਸਿਰਫ਼ 28 ਮੈਂਬਰ ਹੀ ਹਾਜ਼ਰ ਹੋਏ, ਜਦਕਿ ਕੋਰਮ ਪੂਰਾ ਕਰਨ ਲਈ ਘੱਟੋ-ਘੱਟ 33 ਮੈਂਬਰਾਂ ਦੀ ਹਾਜ਼ਰੀ ਲਾਜ਼ਮੀ ਸੀ। ਇਸ ਸਬੰਧੀ ਕਮੇਟੀ ਦੇ ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ ਨੇ ਦੱਸਿਆ ਕਿ ਗੁਰਦੁਆਰਾ ਪਾਤਸ਼ਾਹੀ ਦਸਵੀਂ, ਨਾਢਾ ਸਾਹਿਬ (ਪੰਚਕੂਲਾ) ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਕਿਹਾ ਗਿਆ ਕਿ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਆਪਣੀਆਂ ਕਥਿਤ ਬੇਨਿਯਮੀਆਂ ਅਤੇ ਆਪਹੁਦਰੀਆਂ ਕਾਰਨ ਮੈਂਬਰਾਂ ਦਾ ਭਰੋਸਾ ਗਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਝੀਂਡਾ ਦੀ ਅਗਵਾਈ ਹੇਠ ਤਿੰਨ ਐਗਜ਼ੈਕਟਿਵ ਮੀਟਿੰਗਾਂ ਅਤੇ ਤਿੰਨ ਜਨਰਲ ਇਜਲਾਸ ਪਹਿਲਾਂ ਹੀ ਫੇਲ੍ਹ ਹੋ ਚੁੱਕੇ ਹਨ ਅਤੇ ਅੱਜ ਦਾ ਬਜਟ ਇਜਲਾਸ ਵੀ ਕੋਰਮ ਪੂਰਾ ਨਾ ਹੋਣ ਕਾਰਨ ਰੱਦ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਗਿਆ ਕਿ ਪ੍ਰਧਾਨ ਵੱਲੋਂ ਬਜਟ ਇਜਲਾਸ ਨੂੰ ਪਾਸ ਦਿਖਾਉਣ ਲਈ ਇਹ ਕਹਿਆ ਗਿਆ ਕਿ ਬਾਕੀ ਮੈਂਬਰਾਂ ਦੇ ਘਰਾਂ ਤੋਂ ਦਸਤਖ਼ਤ ਕਰਵਾ ਲਏ ਜਾਣਗੇ, ਜਦਕਿ ਗੁਰਦੁਆਰਾ ਐਕਟ 2014 ਅਨੁਸਾਰ ਇਸ ਤਰ੍ਹਾਂ ਦੀ ਕੋਈ ਵੀ ਵਿਵਸਥਾ ਨਹੀਂ ਹੈ। ਨਾਢਾ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਕਿਹਾ ਗਿਆ ਕਿ ਨੈਤਿਕਤਾ ਦੇ ਆਧਾਰ ’ਤੇ ਜਗਦੀਸ਼ ਸਿੰਘ ਝੀਂਡਾ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ, ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ, ਅੰਤ੍ਰਿੰਗ ਮੈਂਬਰ ਜਗਤਾਰ ਸਿੰਘ ਮਾਨ ਅਤੇ ਤਜਿੰਦਰਪਾਲ ਸਿੰਘ ਨਾਰਨੌਲ ਸਮੇਤ ਦੀਦਾਰ ਸਿੰਘ ਨਲਵੀ, ਜੋਗਾ ਸਿੰਘ ਯਮੁਨਾਨਗਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ, ਬੀਬੀ ਕਪੂਰ ਸਿੰਘ ਸੌਂਕੜਾ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਗੁਰਪਾਲ ਸਿੰਘ ਗੋਰਾ ਐਲਨਾਬਾਦ, ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ, ਮੇਅਰ ਭੁਪਿੰਦਰ ਸਿੰਘ ਪਾਣੀਪੱਤ, ਰਜਿੰਦਰ ਸਿੰਘ ਬਰਾੜਾ, ਗੁਰਤੇਜ ਸਿੰਘ ਅੰਬਾਲਾ, ਜਥੇਦਾਰ ਬਲਦੇਵ ਸਿੰਘ ਹਾਬੜੀ, ਬੀਬੀ ਅਮਨਦੀਪ ਕੌਰ ਟੋਹਾਣਾ ਅਤੇ ਸਵਰਨ ਸਿੰਘ ਬੁੰਗਾਟਿੱਬੀ ਪੰਚਕੂਲਾ ਸਮੇਤ ਹੋਰ ਮੈਂਬਰ ਆਦਿ ਹਾਜ਼ਰ ਸਨ।