- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਫ਼ ਦਿਲ ਤੇ ਨੇਕ ਸਖਸ਼ੀਅਤ ਸਨ ਆਰਟੀਏ ਰਵਿੰਦਰ ਗਿੱਲ

-ਭੋਗ ’ਤੇ ਵਿਸ਼ੇਸ਼
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਪੰਜਾਬ ਟਰਾਂਸਪੋਰਟ ਵਿਭਾਗ ’ਚ ਆਰਟੀਏ ਰਵਿੰਦਰ ਸਿੰਘ ਗਿੱਲ ਦੇ ਦੇਹਾਂਤ ਨਾਲ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਇਕ ਵੱਡਾ ਘਾਟਾ ਪਿਆ ਹੈ। ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿਣ ਵਾਲੇ ਗਿੱਲ ਦਾ ਰਿਸ਼ਤੇਦਾਰਾਂ ਤੋਂ ਇਲਾਵਾ ਯਾਰਾਂ ਦੋਸਤਾਂ ਦਾ ਵਿਸ਼ਾਲ ਦਾਇਰਾ ਸੀ। ਸ. ਰਵਿੰਦਰ ਸਿੰਘ ਗਿੱਲ ਦਾ ਜਨਮ 11 ਅਕਤੂਬਰ 1971 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਲੰਢੇ ਕੇ ਵਿੱਚ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਆਟੋਮੋਬਾਈਲ ਇੰਜੀਨੀਅਰਿੰਗ ’ਚ ਡਿਪਲੋਮਾ ਹਾਸਲ ਕੀਤਾ। ਪੰਜਾਬ ਵਾਪਸੀ ਤੋਂ ਪਹਿਲਾਂ ਉਹ ਗ੍ਰੀਸ (ਯੂਰਪ) ’ਚ ਤਿੰਨ ਸਾਲਾਂ ਤਕ ਕਰੂਜ਼ ਸ਼ਿਪਸ ’ਚ ਇੰਜੀਨੀਅਰ ਵਜੋਂ ਸੇਵਾ ਨਿਭਾਉਂਦੇ ਰਹੇ। 1999 ਵਿੱਚ ਉਹ ਪੰਜਾਬ ਟਰਾਂਸਪੋਰਟ ਵਿਭਾਗ ਵਿੱਚ ਬਤੌਰ ਮੋਟਰ ਵਾਹਨ ਇੰਸਪੈਕਟਰ ਨਿਯੁਕਤ ਹੋਏ। 26 ਸਾਲਾਂ ਦੀ ਨਿਸ਼ਠਾਵਾਨ ਤੇ ਇਮਾਨਦਾਰ ਸੇਵਾ ਦੌਰਾਨ ਉਹ ਆਪਣੀ ਯੋਗਤਾ ਤੇ ਮਿਹਨਤ ਦੇ ਬਲਬੂਤੇ ਆਰਟੀਏ ਦੇ ਅਹੁਦੇ ਤਕ ਪਹੁੰਚੇ। ਉਹ ਅਨੁਸ਼ਾਸਨ ਦੇ ਪ੍ਰਤੀਕ ਸਨ ਤੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਦੇ ਸਨ। ਆਪਣੀ ਡਿਊਟੀ ਪ੍ਰਤੀ ਸਮਰਪਿਤ ਰਹਿੰਦਿਆਂ ਉਹ ਟਰਾਂਸਪੋਰਟ ਵਿਭਾਗ ਦੇ ਵਿਕਾਸ ਤੇ ਸੁਧਾਰ ਲਈ ਲਗਾਤਾਰ ਯਤਨਸ਼ੀਲ ਰਹੇ। ਗਿੱਲ ਦਿਲ ਦੇ ਸਾਫ਼, ਸਹਿਯੋਗੀ ਤੇ ਮਦਦਗਾਰ ਸਨ। ਲੋੜਵੰਦ ਦੀ ਮਦਦ ਕਰਨ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਸਨ ਤੇ ਇਸੀ ਕਾਰਨ ਲੋਕ ਉਨ੍ਹਾਂ ਨੂੰ ਪਿਆਰ ਨਾਲ “ਗਿੱਲ ਸਾਹਿਬ” ਕਹਿੰਦੇ ਸਨ। ਮੋਗਾ ਵਿੱਚ ਜੰਮੇ ਗਿੱਲ ਸਾਹਿਬ 2001 ਵਿੱਚ ਬਠਿੰਡਾ ਸ਼ਿਫ਼ਟ ਹੋਏ ਤੇ ਉਦੋਂ ਤੋਂ ਉੱਥੇ ਹੀ ਵਸਦੇ ਰਹੇ। ਉਹ ਤਿੰਨ ਬੱਚਿਆਂ ਦੇ ਪਿਆਰੇ ਪਿਤਾ ਸਨ। ਪਰਿਵਾਰ ਵਿੱਚ ਪਤਨੀ ਰਮਨਦੀਪ ਕੌਰ ਗਿੱਲ, ਪੁੱਤਰ ਮਹਿਤਾਬ ਸਿੰਘ ਗਿੱਲ, ਮਨਵੇਸ਼ ਸਿੰਘ ਗਿੱਲ ਤੇ ਰੁਹਾਬ ਸਿੰਘ ਗਿੱਲ ਸ਼ਾਮਲ ਹਨ। ਉਨ੍ਹਾਂ ਦੇ ਪਿਤਾ ਅਮਰਜੀਤ ਸਿੰਘ ਗਿੱਲ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਸਨ, ਜਦਕਿ ਮਾਤਾ ਦਾ ਨਾਮ ਗੁਰਮੇਲ ਕੌਰ ਗਿੱਲ ਹੈ। ਭਰਾਵਾਂ ’ਚ ਕੁਲਵਿੰਦਰ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਗਿੱਲ ਸ਼ਾਮਲ ਹਨ। ਉਹ ਆਪਣੇ ਬਚਨ ਦੇ ਪੱਕੇ, ਸਾਫ਼ ਦਿਲ ਅਤੇ ਖੁੱਲ੍ਹ ਕੇ ਗੱਲ ਕਰਨ ਵਾਲੇ ਮਨੁੱਖ ਸਨ। ਖੁਸ਼ਮਿਜ਼ਾਜ ਤੇ ਆਨੰਦਮਈ ਜੀਵਨ ਜ਼ੀਅ ਕੇ ਗਏ ਗਿੱਲ ਸਾਹਿਬ ਹਮੇਸ਼ਾਂ ਸੇਵਾ-ਭਾਵ, ਨਿਸ਼ਕਾਮਤਾ ਤੇ ਮਨੁੱਖਤਾ ਦੇ ਪ੍ਰਤੀਕ ਵਜੋਂ ਸਭ ਦੇ ਦਿਲਾਂ ’ਚ ਜਿਵੇਂ ਦੇ ਤਿਵੇਂ ਜਿਉਂਦੇ ਰਹਿਣਗੇ। 26 ਨਵੰਬਰ ਨੂੰ ਗਿੱਲ ਨੇ ਆਪਣੇ ਪੁੱਤਰ ਮਹਿਤਾਬ ਗਿੱਲ ਦਾ ਵਿਆਹ ਬੜੇ ਚਾਵਾਂ ਮਲ੍ਹਾਰਾਂ ਨਾਲ ਕੀਤਾ ਸੀ। ਉਹ ਮੌਜੂਦਾ ਸਮੇਂ ਜਲੰਧਰ ’ਚ ਆਰਟੀਏ ਤਾਇਨਾਤ ਸਨ, ਪਰ 30 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਸਾਡੇ ਕੋਲੋਂ ਸਦਾ ਲਈ ਵਿਛੜ ਗਏ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਦਰਾਸ ਅੱਜ 8 ਜਨਵਰੀ 2026 ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਸਾਹਿਬ ਮਾਡਲ ਟਾਊਨ ਫੇਜ 1 ਵਿਚ ਦੁਪਹਿਰ 12.30 ਵਜੇ ਹੋਵੇਗੀ।