ਸਰਹੱਦੀ ਇਲਾਕੇ ’ਚ ਤਾਇਨਾਤ ਅੰਗਰੇਜ਼ੀ ਅਧਿਆਪਕ ਬਦਲੀ ਨੂੰ ਤਰਸੇ
ਬਾਰਡਰ ਏਰੀਆ ਵਿਚ ਤੈਨਾਤ ਇੰਗਲਿਸ਼ ਅਧਿਆਪਕ ਬਦਲੀਆ ਨੂੰ ਤਰਸੇ
Publish Date: Wed, 07 Jan 2026 05:34 PM (IST)
Updated Date: Thu, 08 Jan 2026 04:03 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ‘ਆਪ’ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿਚ ਸਿੱਖਿਆ ਸਬੰਧੀ ਕਈ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਇਨ੍ਹਾਂ ਵਿਚ ਸਰਹੱਦੀ ਇਲਾਕੇ ’ਚ ਭਰਤੀ ਕੀਤੇ ਅਧਿਆਪਕਾਂ ਨੂੰ 20 ਕਿਲੋਮੀਟਰ ਦੇ ਦਾਇਰੇ ਅੰਦਰ ਬਦਲੀ ਦੀ ਗਾਰੰਟੀ ਵੀ ਸ਼ਾਮਲ ਸੀ ਪਰ ਹਕੀਕਤ ਵਿਚ ਇਹ ਵਾਅਦੇ ਅਜੇ ਤਕ ਕਾਗਜ਼ਾਂ ਤਕ ਹੀ ਸੀਮਤ ਨਜ਼ਰ ਆ ਰਹੇ ਹਨ। ਪਿਛਲੇ ਲਗਭਗ ਪੰਜ ਸਾਲ ਤੋਂ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਫਿਰੋਜ਼ਪੁਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਵਰਗੇ ਬਾਰਡਰ ਜ਼ਿਲ੍ਹਿਆਂ ’ਚ ਸੇਵਾ ਨਿਭਾਅ ਰਹੇ ਹਨ। ਸਾਰੀਆਂ ਯੋਗਤਾ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਸੰਭਵ ਨਹੀਂ ਹੋ ਸਕੀਆਂ। ਕਈ ਵਾਰ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਹ ਮੰਗ ਸਰਕਾਰ ਦੇ ਧਿਆਨ ’ਚ ਹੀ ਨਹੀਂ ਹੈ। ਟਰਾਂਸਫਰ ਪਾਲਿਸੀ ਅਨੁਸਾਰ ਪਿਛਲੇ ਦੋ ਸਾਲਾਂ ਤੋਂ ਬਦਲੀ ਲਈ ਮੌਕਾ ਤਾਂ ਦਿੱਤਾ ਜਾ ਰਿਹਾ ਹੈ, ਪਰ ਇਸ ਪਾਲਿਸੀ ਦੀ ਅਮਲਦਾਰੀ ’ਤੇ ਸਵਾਲ ਉਠ ਰਹੇ ਹਨ। ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਮੁਕਤਸਰ ਆਦਿ ਜ਼ਿਲ੍ਹਿਆਂ ਵਿਚ ਅੰਗਰੇਜ਼ੀ ਦੇ ਸਟੇਸ਼ਨ ਲਗਭਗ ਜ਼ੀਰੋ ਦਿਖਾਏ ਜਾਂਦੇ ਹਨ, ਜਿਸ ਕਾਰਨ ਅਧਿਆਪਕਾਂ ਨੂੰ ਬਦਲੀ ਨਹੀਂ ਮਿਲ ਪਾ ਰਹੀ। 2392 ਅਧਿਆਪਕ ਯੂਨੀਅਨ ਦੇ ਇਕ ਆਗੂ ਨੇ ਦੱਸਿਆ ਕਿ ਕਈ ਅਧਿਆਪਕ ਰੋਜ਼ਾਨਾ 200 ਤੋਂ 300 ਕਿਲੋਮੀਟਰ ਤਕ ਅਪ-ਡਾਊਨ ਕਰਨ ਲਈ ਮਜਬੂਰ ਹਨ, ਜੋ ਕਿ ਖ਼ਤਰੇ ਤੋਂ ਖਾਲੀ ਨਹੀਂ। ਇਸ ਕਾਰਨ ਕਈ ਅਧਿਆਪਕਾਂ ਦੇ ਪਰਿਵਾਰ, ਬੱਚੇ ਅਤੇ ਬਜ਼ੁਰਗ ਭਾਰੀ ਮੁਸ਼ਿਕਲਾਂ ਦਾ ਸਾਹਮਣਾ ਕਰ ਰਹੇ ਹਨ। ਅਧਿਆਪਕਾਂ ਵੱਲੋਂ ਡੀਪੀਆਈ ਮੋਹਾਲੀ, ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਨਾਲ ਲਗਾਤਾਰ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਨਿਕਲਿਆ। ਅਧਿਆਪਕ ਆਗੂ ਰਾਜ ਬਾਂਸਲ ਅਤੇ ਹੋਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ, ਤਾਂ ਉਹ ਸਰਕਾਰ ਵਿਰੁੱਧ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਗੇ।