ਸੀਐੱਮ ਸਿਹਤ ਬੀਮਾ ਯੋਜਨਾ ਲੋਕਾਂ ਲਈ ਬਣੇਗੀ ਵਰਦਾਨ : ਚੇਅਰਮੈਨ ਭੱਲਾ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਹੋਵੇਗੀ ਵਰਦਾਨ ਸਾਬਤ: ਚੇਅਰਮੈਨ ਜਤਿੰਦਰ ਭੱਲਾ
Publish Date: Wed, 07 Jan 2026 04:56 PM (IST)
Updated Date: Thu, 08 Jan 2026 04:03 AM (IST)
-ਰਾਮਪੁਰਾ ਫੂਲ ਵਿਖੇ ਯੋਜਨਾ ਨੂੰ ਲੈ ਕੇ ਕੀਤੀਆਂ ਵਿਚਾਰਾਂ
21) ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮੀਟਿੰਗ ਦੌਰਾਨ ਚੇਅਰਮੈਨ ਜਤਿੰਦਰ ਭੱਲਾ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਰਾਮਪੁਰਾ ਫੂਲ : ਮੁੱਖ ਮੰਤਰੀ ਬੀਮਾ ਯੋਜਨਾ ਆਮ ਲੋਕਾਂ ਲਈ ਇਕ ਵੱਡਾ ਸਹਾਰਾ ਸਾਬਤ ਹੋਵੇਗੀ ਅਤੇ ਇਸ ਯੋਜਨਾ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਸਿਹਤ ਅਤੇ ਆਰਥਿਕ ਸੁਰੱਖਿਆ ਮਿਲੇਗੀ। ਇਹ ਗੱਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਸਿਹਤ ਬੀਮਾ ਯੋਜਨਾ ਸਬੰਧੀ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਸਰਕਾਰ ਦੀ ਇਸ ਮਹੱਤਵਪੂਰਨ ਪਹਿਲ ਦਾ ਉਦੇਸ਼ ਉਨ੍ਹਾਂ ਪਰਿਵਾਰਾਂ ਨੂੰ ਸੁਰੱਖਿਆ ਦੇਣਾ ਹੈ ਜੋ ਅਚਾਨਕ ਆਏ ਸੰਕਟ, ਹਾਦਸੇ ਜਾਂ ਬਿਮਾਰੀ ਕਾਰਨ ਵੱਡੇ ਆਰਥਿਕ ਬੋਝ ਦਾ ਸਾਹਮਣਾ ਕਰਦੇ ਹਨ। ਭੱਲਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਬੀਮਾ ਯੋਜਨਾ ਦੇ ਅਧੀਨ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਅੰਦਰ ਕਿਸੇ ਵਿਅਕਤੀ ਇਲਾਜ ਘੁਣੋਂ ਮੌਤ ਨਹੀਂ ਹੋਵੇਗੀ, ਪਹਿਲਾਂ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਇਲਾਜ ਨਾ ਹੋਣ ਕਾਰਨ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਪਿੰਡ ਪੱਧਰ ‘ਤੇ ਕੈਂਪ ਲਾ ਕੇ ਲੋਕਾਂ ਨੂੰ ਇਸ ਯੋਜਨਾ ਦੇ ਫਾਇਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਭੱਲਾ ਨੇ ਕਿਹਾ ਕਿ ਆਮ ਲੋਕ ਅਕਸਰ ਸਰਕਾਰੀ ਯੋਜਨਾਵਾਂ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ, ਇਸ ਲਈ ਜਾਗਰੂਕਤਾ ਫੈਲਾਉਣਾ ਸਰਕਾਰ ਦੀ ਪਹਿਲੀ ਤਰਜੀਹ ਰਹੇਗੀ। ਚੇਅਰਮੈਨ ਨੇ ਇਹ ਵੀ ਸਪਸ਼ਟ ਕੀਤਾ ਕਿ ਯੋਜਨਾ ਦਾ ਲਾਭ ਲੈਣ ਲਈ ਪ੍ਰਕਿਰਿਆ ਸੁਗਮ ਅਤੇ ਪਾਰਦਰਸ਼ੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਿਰਫ਼ ਕਾਗਜ਼ੀ ਘੋਸ਼ਣਾ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀ ਜਾਵੇਗੀ। ਜਤਿੰਦਰ ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯੋਜਨਾ ਨਾਲ ਜੁੜਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਸਿਰਫ਼ ਯੋਜਨਾਵਾਂ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਹਰ ਜ਼ਰੂਰਤਮੰਦ ਤਕ ਪਹੁੰਚਾਉਣਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਮੁੱਖ ਮੰਤਰੀ ਬੀਮਾ ਯੋਜਨਾ ਰਾਹੀਂ ਹਜ਼ਾਰਾਂ ਪਰਿਵਾਰਾਂ ਨੂੰ ਸਿੱਧਾ ਫਾਇਦਾ ਮਿਲੇਗਾ ਅਤੇ ਕਿਸੇ ਵੀ ਅਚਾਨਕ ਸੰਕਟ ਦੀ ਸਥਿਤੀ ਵਿੱਚ ਉਹਨਾਂ ਨੂੰ ਆਰਥਿਕ ਚਿੰਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਮਾਜਕ ਸੁਰੱਖਿਆ ਵੱਲ ਵੱਡਾ ਕਦਮ ਹੈ ਅਤੇ ਇਸ ਨਾਲ ਸਮਾਜ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ।