- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰਾਂ ’ਤੇ ਝੂਠੇ ਪਰਚਿਆਂ ਖ਼ਿਲਾਫ਼ 24 ਨੂੰ ਕੀਤਾ ਜਾਵੇਗਾ ਰੋਸ ਮੁਜ਼ਾਹਰਾ

-ਬਠਿੰਡਾ ਦੇ ਟੀਚਰਜ਼ ਹੋਮ ’ਚ ਜਨਤਕ ਜਥੇਬੰਦੀਆਂ ਤੇ ਪੱਤਰਕਾਰਾਂ ਦਾ ਹੋਇਆ ਇਕੱਠ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,
ਬਠਿੰਡਾ : ਸੱਚ ਬੋਲਣ ਵਾਲੀ ਪੱਤਰਕਾਰਤਾ ਅਤੇ ਲੋਕ ਪੱਖੀ ਅਵਾਜ਼ਾਂ ਨੂੰ ਦਬਾਉਣ ਦੀ ਨੀਅਤ ਨਾਲ ਪੱਤਰਕਾਰਾਂ ਅਤੇ ਆਰਟੀਆਈ ਐਕਟਿਵਿਸਟ ਸਮੇਤ 10 ਲੋਕਾਂ ਉੱਤੇ ਦਰਜ ਕੀਤੇ ਗਏ ਝੂਠੇ ਪਰਚਿਆਂ ਦੇ ਵਿਰੋਧ ਵਿੱਚ ਲੋਕਤੰਤਰਿਕ ਤਾਕਤਾਂ ਵੱਲੋਂ ਰੋਸ ਰੈਲੀ ਅਤੇ ਮੁਜਾਹਰੇ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪਰਚਿਆਂ ਨੂੰ ਲੋਕਤੰਤਰਕ ਅਧਿਕਾਰਾਂ ਉੱਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਇਨ੍ਹਾਂ ਦੀ ਤੁਰੰਤ ਰੱਦਗੀ ਦੀ ਮੰਗ ਕੀਤੀ ਗਈ।
ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਸੰਵਿਧਾਨ ਪ੍ਰਦੱਤ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਲਈ ਬਣੀ ਕੋਰ ਕਮੇਟੀ ਦੀ ਅਗਵਾਈ ਹੇਠ ਟੀਚਰਜ਼ ਹੋਮ, ਬਠਿੰਡਾ ਵਿਖੇ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਅਤੇ ਪੱਤਰਕਾਰ ਜਥੇਬੰਦੀਆਂ ਦੀ ਇਕ ਵਿਸ਼ਾਲ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਬੋਲਣ ਵਾਲਿਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੱਚ ਉਘਾਰਨ ਵਾਲੇ ਪੱਤਰਕਾਰਾਂ ਅਤੇ ਲੋਕਪੱਖੀ ਕਾਰਕੁਨਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨਾ ਇਕ ਬਹੁਤ ਹੀ ਖ਼ਤਰਨਾਕ ਰੁਝਾਨ ਹੈ, ਜੋ ਲੋਕਤੰਤਰ ਦੇ ਮੂਲ ਅਸੂਲਾਂ ਨੂੰ ਖੋਖਲਾ ਕਰਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕੱਲ੍ਹ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਸੰਘਰਸ਼ੀ ਲਹਿਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਾਜ਼ਰ ਜਥੇਬੰਦੀਆਂ ਨੇ ਇਕਸੁਰ ਹੋ ਕੇ ਐਲਾਨ ਕੀਤਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਸੜਕਾਂ ‘ਤੇ ਉਤਰ ਕੇ ਮੂਹ ਤੋੜ ਜਵਾਬ ਦਿੱਤਾ ਜਾਵੇਗਾ ਤੇ ਇਹ ਮਸਲਾ ਕੇਵਲ ਕੁਝ ਵਿਅਕਤੀਆਂ ਦਾ ਨਹੀਂ, ਸਗੋਂ ਸਮੂਹ ਲੋਕਤੰਤਰਿਕ ਤਾਕਤਾਂ ਦਾ ਸਾਂਝਾ ਸੰਘਰਸ਼ ਹੈ।
ਮੀਟਿੰਗ ’ਚ ਸਹਿਮਤੀ ਨਾਲ ਇਕ ਵਿਸ਼ਾਲ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਹਰੇਕ ਜਨਤਕ ਜਥੇਬੰਦੀ ਵੱਲੋਂ ਇਕ-ਇਕ ਅਹੁਦੇਦਾਰ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਸੰਘਰਸ਼ ਨੂੰ ਸੁਚੱਜੇ ਤੇ ਸੰਗਠਿਤ ਢੰਗ ਨਾਲ ਰਾਜ ਪੱਧਰ ‘ਤੇ ਅੱਗੇ ਵਧਾਇਆ ਜਾ ਸਕੇ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਕਦਮਬੰਦ ਤਰੀਕੇ ਨਾਲ ਵੱਡੇ ਲੋਕ ਪੱਖੀ ਐਕਸ਼ਨ ਕੀਤੇ ਜਾਣਗੇ। ਸੰਘਰਸ਼ ਦੀ ਸ਼ੁਰੂਆਤ ਮਾਲਵਾ ਖੇਤਰ ਤੋਂ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮਾਝਾ ਅਤੇ ਦੁਆਬਾ ਵਿੱਚ ਵੀ ਵਿਸ਼ਾਲ ਜਨਤਕ ਇਕੱਠ ਕਰਕੇ ਲੋਕਤੰਤਰਕ ਅਵਾਜ਼ਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਦੌਰਾਨ ਇਹ ਐਲਾਨ ਵੀ ਕੀਤਾ ਕਿ 24 ਜਨਵਰੀ 2026, ਦਿਨ ਸ਼ਨੀਵਾਰ, ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਝੂਠੇ ਪਰਚਿਆਂ ਦੇ ਵਿਰੋਧ ਤੇ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਵਿਸ਼ਾਲ ਰੋਸ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ। ਮੀਟਿੰਗ ’ਚ ਵੱਡੀ ਗਿਣਤੀ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।