ਆਰਟੀਆਈ ’ਚ ਖੁਲਾਸਾ : 6 ਸਾਲ ’ਚ ਨਿਗਮ ਨੇ 10,101 ਗਊਵੰਸ਼ ਫੜੇ
ਆਰਟੀਆਈ ’ਚ ਖੁਲਾਸਾ: 6 ਸਾਲਾਂ ਵਿੱਚ ਨਗਰ ਨਿਗਮ ਨੇ 10,101 ਗਊਵੰਸ਼ ਫੜੇ
Publish Date: Tue, 06 Jan 2026 08:08 PM (IST)
Updated Date: Wed, 07 Jan 2026 04:09 AM (IST)

-ਕਰੋੜਾਂ ਖਰਚਣ ਦੇ ਬਾਵਜੂਦ ਸੜਕਾਂ ’ਤੇ ਗਊਵੰਸ਼ ਦੀ ਸਮੱਸਿਆ ਬਰਕਰਾਰ, ਧੁੰਦ ਦੌਰਾਨ ਹਾਦਸੇ ਹੋਣ ਦਾ ਡਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਬਠਿੰਡਾ ਵਿੱਚ ਆਵਾਰਾ ਘੁੰਮਦੇ ਗਊਵੰਸ਼ ਨਾਲ ਜਿੱਥੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਉਥੇ ਹੀ ਇਹ ਸਮੱਸਿਆ ਨਗਰ ਨਿਗਮ ਲਈ ਪਿਛਲੇ ਕਈ ਸਾਲਾਂ ਤੋਂ ਸਿਰਦਰਦੀ ਬਣੀ ਹੋਈ ਹੈ। ਨਗਰ ਨਿਗਮ ਵੱਲੋਂ ਹਰ ਸਾਲ ਕਰੋੜਾਂ ਰੁਪਏ ਖਰਚ ਕਰਕੇ ਗਊਵੰਸ਼ ਨੂੰ ਫੜਿਆ ਜਾਂਦਾ ਹੈ ਅਤੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ, ਗਲੀਆਂ, ਮੁਹੱਲਿਆਂ ਅਤੇ ਹਾਈਵੇ ’ਤੇ ਗਊਵੰਸ਼ ਮੁੜ ਨਜ਼ਰ ਆਉਣ ਲੱਗ ਪੈਂਦਾ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਜਾਣਕਾਰੀ ਨੇ ਨਗਰ ਨਿਗਮ ਦੀ ਇਸ ਕਾਰਵਾਈ ਦੀ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ। ਆਰਟੀਆਈ ਐਕਟਿਵਿਸਟ ਅਤੇ ‘ਗ੍ਰਾਹਕ ਜਾਗੋ’ ਦੇ ਸਕੱਤਰ ਸੰਜੀਵ ਗੋਯਲ ਵੱਲੋਂ 26 ਨਵੰਬਰ 2025 ਨੂੰ ਨਗਰ ਨਿਗਮ ਬਠਿੰਡਾ ਕੋਲ ਆਰਟੀਆਈ ਅਰਜ਼ੀ ਦਾਖਲ ਕਰਕੇ ਸਾਲ 2020 ਤੋਂ ਬਾਅਦ ਫੜੇ ਗਏ ਗਊਵੰਸ਼ ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ਦੇ ਜਵਾਬ ਵਿੱਚ ਨਗਰ ਨਿਗਮ ਦੇ ਪੱਤਰ ਨੰਬਰ 718 ਮਿਤੀ 26 ਦਸੰਬਰ 2025 ਰਾਹੀਂ 29 ਦਸੰਬਰ 2025 ਨੂੰ ਸੂਚਨਾ ਪ੍ਰਦਾਨ ਕੀਤੀ ਗਈ। ਇਹ ਜਾਣਕਾਰੀ ਕਾਰਪੋਰੇਸ਼ਨ ਸੈਨਿਟੇਸ਼ਨ ਅਫਸਰ-ਕਮ-ਲੋਕ ਸੂਚਨਾ ਅਫਸਰ ਹੈਲਥ ਸ਼ਾਖਾ ਨਗਰ ਨਿਗਮ ਬਠਿੰਡਾ ਵੱਲੋਂ ਦਿੱਤੀ ਗਈ। ਨਗਰ ਨਿਗਮ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਸਾਲ 2020 ਤੋਂ 17 ਦਸੰਬਰ 2025 ਤਕ ਕੁੱਲ 10,101 ਗਊਵੰਸ਼ ਫੜ ਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜੇ ਜਾ ਚੁੱਕੇ ਹਨ, ਪਰ ਜੇਕਰ ਹਕੀਕਤ ਵਿਚ ਦੇਖਿਆਂ ਜਾਵੇ ਤਾਂ ਗਊਵੰਸ਼ ਵੱਡੀ ਗਿਣਤੀ ਵਿਚ ਸ਼ਹਿਰ ਅੰਦਰ ਅਤੇ ਸੜਕਾਂ ’ਤੇ ਘੁੰਮਦਾ ਨਜ਼ਰ ਆ ਰਿਾ ਹੈ। ਹਾਲਾਕਿ ਨਗਰ ਨਿਗਮ ਲੋਕਾਂ ਤੋਂ ਕਾਓ ਸੈੱਸ ਵਸੂਲ ਕਰ ਰਿਹਾ ਹੈ ਪਰ ਗਊਵੰਸ਼ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬਾਕਸ ਕਰੋੜਾਂ ਦੀ ਕਾਉ-ਸੈਸ, ਪਰ ਹੱਲ ਸਿਫ਼ਰ ਨਗਰ ਨਿਗਮ ਬਠਿੰਡਾ ਕੋਲ ਹਰ ਸਾਲ ਲਗਭਗ 4 ਤੋਂ 5 ਕਰੋੜ ਰੁਪਏ ਕਾਉ-ਸੈਸ ਦੇ ਰੂਪ ਵਿੱਚ ਇਕੱਠੇ ਹੁੰਦੇ ਹਨ। ਇਹ ਰਕਮ ਗਊਵੰਸ਼ ਨੂੰ ਫੜਨ, ਟਰਾਂਸਪੋਰਟੇਸ਼ਨ, ਗਊਸ਼ਾਲਾਵਾਂ ਵਿੱਚ ਭੇਜਣ ਅਤੇ ਡਾਇਟ ਮਨੀ ’ਤੇ ਖਰਚ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਨਗਰ ਨਿਗਮ ਅਜਿਹਾ ਕੋਈ ਠੋਸ ਅਤੇ ਸਥਾਈ ਹੱਲ ਤਿਆਰ ਕਰਨ ’ਚ ਅਸਫਲ ਰਿਹਾ ਹੈ, ਜਿਸ ਨਾਲ ਸ਼ਹਿਰ ਨੂੰ ਗਊਵੰਸ਼ ਮੁਕਤ ਬਣਾਇਆ ਜਾ ਸਕੇ। ਬਾਕਸ ਬਾਹਰੀ ਇਲਾਕਿਆਂ ਤੋਂ ਆਉਂਦਾ ਗਊਵੰਸ਼, ਨਿਗਮ ਦੀ ਕਾਰਵਾਈ ਬੇਅਸਰ ਆਰਟੀਆਈ ਐਕਟਿਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਜਦ ਤਕ ਬਠਿੰਡਾ ਦੇ ਆਲੇ-ਦੁਆਲੇ ਦੇ ਬਾਹਰੀ ਇਲਾਕਿਆਂ ਤੋਂ ਸ਼ਹਿਰ ਵਿੱਚ ਦਾਖ਼ਲ ਹੋ ਰਹੇ ਗਊਵੰਸ਼ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾਈ ਜਾਂਦੀ, ਤਦ ਤਕ ਨਗਰ ਨਿਗਮ ਦੀ ਇਹ ਸਾਰੀ ਕਵਾਇਦ ਸਿਰਫ਼ ਰਸਮੀ ਕਾਰਵਾਈ ਬਣੀ ਰਹੇਗੀ। ਗਊਵੰਸ਼ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਣ ਤੋਂ ਕੁਝ ਸਮੇਂ ਬਾਅਦ ਹੀ ਨਵੇਂ ਗਊਵੰਸ਼ ਮੁੜ ਸ਼ਹਿਰ ਵਿੱਚ ਦਾਖ਼ਲ ਹੋ ਜਾਂਦੇ ਹਨ। ਬਾਕਸ ਧੁੰਦ ’ਚ ਵਧਦਾ ਹਾਦਸਿਆਂ ਦਾ ਖਤਰਾ ਇਨ੍ਹਾਂ ਦਿਨਾਂ ਧੁੰਦ ਅਤੇ ਘਣੇ ਕੋਹਰੇ ਦਾ ਮੌਸਮ ਚੱਲ ਰਿਹਾ ਹੈ। ਅਜਿਹੇ ਮੌਸਮ ਵਿੱਚ ਸੜਕਾਂ ਅਤੇ ਹਾਈਵੇਅ ’ਤੇ ਘੁੰਮਦੇ ਜਾਂ ਬੈਠੇ ਗਊਵੰਸ਼ ਦੂਰੋਂ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਨਾਲ ਹਾਦਸਿਆਂ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਗਊਵੰਸ਼ ਕਾਰਨ ਹੋਏ ਕਈ ਹਾਦਸਿਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਰਟੀਆਈ. ਰਾਹੀਂ ਇਹ ਵੀ ਸਾਹਮਣੇ ਆਇਆ ਹੈ ਕਿ ਨਗਰ ਨਿਗਮ ਵੱਲੋਂ ਗੌਸ਼ਾਲਾਵਾਂ ਵਿੱਚ ਭੇਜੇ ਗਏ 10,101 ਗਊਵੰਸ਼ ’ਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਗਊਸ਼ਾਲਾਵਾਂ ਦੀ ਹਾਲਤ, ਦੇਖਭਾਲ ਅਤੇ ਨਿਗਰਾਨੀ ਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਖੜੇ ਕਰਦੀਆਂ ਹਨ। ਬਾਕਸ ਲੋਕਾਂ ਦੀ ਮੰਗ: ਸਥਾਈ ਨੀਤੀ ਬਣਾਈ ਜਾਵੇ ਸ਼ਹਿਰ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਮੰਗ ਹੈ ਕਿ ਨਗਰ ਨਿਗਮ ਸਿਰਫ਼ ਗਊਵੰਸ਼ ਫੜਨ ਦੀ ਨੀਤੀ ਤੋਂ ਉੱਪਰ ਉਠ ਕੇ ਸਥਾਈ ਹੱਲ ਤਿਆਰ ਕਰੇ। ਬਾਹਰੀ ਇਲਾਕਿਆਂ ’ਚ ਚੈਕਿੰਗ, ਗਊਵੰਸ਼ ਛੱਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਗਊਸ਼ਾਲਾਵਾਂ ਦੀ ਪਾਰਦਰਸ਼ੀ ਮਾਨੀਟਰਿੰਗ ਹੀ ਇਸ ਸਮੱਸਿਆ ਦਾ ਪੱਕਾ ਹੱਲ ਹੋ ਸਕਦੀ ਹੈ। ਬਾਕਸ ਸਾਲ-ਵਾਰ ਗਊਵੰਸ਼ ਫੜਨ ਦੇ ਅੰਕੜੇ 2020 – 2049 ਗਊਵੰਸ਼ 2021 – 1771 ਗਊਵੰਸ਼ 2022 – 1350 ਗਊਵੰਸ਼ਰਤੀਸ਼ 2023 – 2256 ਗਊਵੰਸ਼ 2024 – 1493 ਗਊਵੰਸ਼ 2025 (17 ਦਸੰਬਰ ਤਕ) – 1182 ਗਊਵੰਸ਼ ਅੰਕੜਿਆਂ ਤੋਂ ਸਾਫ਼ ਹੈ ਕਿ ਸਭ ਤੋਂ ਵੱਧ ਗਊਵੰਸ਼ ਸਾਲ 2023 ਵਿੱਚ ਫੜੇ ਗਏ, ਜਦਕਿ 2020 ਅਤੇ 2021 ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਇਹ ਸਵਾਲ ਖੜਾ ਕਰਦਾ ਹੈ ਕਿ ਜੇ ਹਰ ਸਾਲ ਇੰਨੇ ਵੱਡੇ ਪੱਧਰ ’ਤੇ ਗਊਵੰਸ਼ ਫੜੇ ਜਾ ਰਹੇ ਹਨ ਤਾਂ ਫਿਰ ਸਮੱਸਿਆ ਘੱਟ ਹੋਣ ਦੀ ਬਜਾਏ ਕਾਇਮ ਕਿਉਂ ਹੈ?