ਸਿਲਵਰ ਓਕਸ ਸਕੂਲ ’ਚ ਸਾਈਬਰ ਸੁਰੱਖਿਆ ’ਤੇ ਕਰਾਇਆ ਸਮਾਗਮ
ਸਿਲਵਰ ਓਕਸ ਸਕੂਲ ਵਿਖੇ ਸਾਈਬਰ ਸੁਰੱਖਿਆ ’ਤੇ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਕਰਵਾਇਆ
Publish Date: Tue, 06 Jan 2026 07:11 PM (IST)
Updated Date: Wed, 07 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ ਵਿਖੇ ਸਾਈਬਰ ਸੁਰੱਖਿਆ ਅਤੇ ਸੁਰੱਖਿਆ ਵਿਸ਼ੇ ’ਤੇ ਇਕ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਸੀਬੀਐਸਈ ਵੱਲੋਂ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਲਈ ਨਿਰਧਾਰਤ ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਮਾਪਦੰਡਾਂ ਅਨੁਸਾਰ ਕਰਵਾਈ। ਇਸ ਪ੍ਰੋਗਰਾਮ ਦੀ ਅਗਵਾਈ ਸੀਬੀਐਸਈ ਪੈਨਲ ਦੀਆਂ ਮਾਹਰ ਟ੍ਰੇਨਰਾਂ ਰੂਪਾਲੀ ਠਾਕੁਰ ਅਤੇ ਸਿੰਪੀ ਰਹੇਜਾ ਨੇ ਕੀਤੀ। ਸਿਖਲਾਈ ਦੌਰਾਨ ਅਧਿਆਪਕਾਂ ਨੂੰ ਸੁਰੱਖਿਅਤ ਆਨਲਾਈਨ ਅਭਿਆਸਾਂ, ਡੇਟਾ ਸੁਰੱਖਿਆ, ਡਿਜੀਟਲ ਕਲਾਸਰੂਮ ਪ੍ਰਬੰਧਨ, ਸੋਸ਼ਲ ਮੀਡੀਆ ਦੇ ਸੁਰੱਖਿਅਤ ਇਸਤੇਮਾਲ ਅਤੇ ਵਿਦਿਆਰਥੀਆਂ ਵਿਚ ਸਾਈਬਰ ਜਾਗਰੂਕਤਾ ਵਿਕਸਿਤ ਕਰਨ ਸਬੰਧੀ ਜਾਣਕਾਰੀ ਦਿੱਤੀ। ਟ੍ਰੇਨਰਾਂ ਵੱਲੋਂ ਇੰਟਰਐਕਟਿਵ ਵਰਕਸ਼ਾਪਾਂ ਅਤੇ ਹਕੀਕਤੀ ਉਦਾਹਰਣਾਂ ਰਾਹੀਂ ਸਾਈਬਰ ਖਤਰਿਆਂ ਤੋਂ ਬਚਾਅ ਦੇ ਉਪਾਅ ਵੀ ਸਾਂਝੇ ਕੀਤੇ ਗਏ। ਸਕੂਲ ਪ੍ਰਿੰਸੀਪਲ ਰਵਿੰਦਰ ਸਰਾਂ ਨੇ ਸੀਬੀਐਸਈ ਤੇ ਮਾਹਿਰ ਟ੍ਰੇਨਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸਿਖਲਾਈਆਂ ਅਧਿਆਪਕਾਂ ਨੂੰ ਨਵੇਂ ਡਿਜੀਟਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੀਆਂ ਹਨ। ਸਿਖਲਾਈ ਦੇ ਅੰਤ ’ਤੇ ਭਾਗੀਦਾਰ ਅਧਿਆਪਕਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।