ਰਾਮਪੁਰਾ ਫੂਲ ਪ੍ਰੋਫੈਸਰ ਅਗਵਾ ਮਾਮਲਾ ਮਨਘੜਤ ਨਿਕਲਿਆ, ਤਿੰਨ ਕਾਬੂ
ਰਾਮਪੁਰਾ ਫੂਲ ਪ੍ਰੋਫੈਸਰ ਅਗਵਾ ਮਾਮਲਾ ਮਨਘੜਤ ਨਿਕਲਿਆ, ਤਿੰਨ ਨੌਜਵਾਨ ਗ੍ਰਿਫ਼ਤਾਰ
Publish Date: Tue, 06 Jan 2026 06:11 PM (IST)
Updated Date: Wed, 07 Jan 2026 04:03 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਇੱਥੇ 22 ਦਸੰਬਰ 2025 ਨੂੰ ਵਾਪਰੀ ਪ੍ਰੋਫੈਸਰ ਦੇ ਅਗਵਾ ਅਤੇ ਲੁੱਟ-ਖੋਹ ਦੀ ਘਟਨਾ ਪੁਲਿਸ ਜਾਂਚ ਦੌਰਾਨ ਪੂਰੀ ਤਰ੍ਹਾਂ ਮਨਘੜਤ ਅਤੇ ਝੂਠੀ ਸਾਬਤ ਹੋਈ ਹੈ। ਪੁਲਿਸ ਅਨੁਸਾਰ ਪ੍ਰੋਫੈਸਰ ਵੱਲੋਂ ਘਟਨਾ ਸਬੰਧੀ ਗਲਤ ਜਾਣਕਾਰੀ ਦਿੱਤੀ ਗਈ ਸੀ, ਜਿਸ ਕਾਰਨ ਨਾ ਸਿਰਫ਼ ਸ਼ਹਿਰ ਵਿੱਚ ਡਰ ਦਾ ਮਾਹੌਲ ਬਣਿਆ, ਸਗੋਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋ ਗਏ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐਸਪੀ (ਡੀ) ਜਸਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰੀ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਅਗਵਾ ਅਤੇ ਲੁੱਟ-ਖੋਹ ਦੀ ਕਹਾਣੀ ਤੱਥਾਂ ’ਤੇ ਆਧਾਰਿਤ ਨਹੀਂ ਸੀ। ਇਸ ਮਾਮਲੇ ’ਚ ਇੰਦਰਜੀਤ ਸਿੰਘ ਉਰਫ਼ ਕਿੰਦੀ, ਫੌਜੀ ਕੁਲਦੀਪ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਪਿੰਡ ਚਾਉਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਪੀ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪ੍ਰੋਫੈਸਰ ਅਤੇ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਨੌਜਵਾਨ ਪਹਿਲਾਂ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ। ਇਹ ਜਾਣ-ਪਛਾਣ ਇਕ ਸਮਲੈਂਗਿਕ ਐਪ ਰਾਹੀਂ ਹੋਈ ਸੀ। ਪੁਲਿਸ ਮੁਤਾਬਕ ਪ੍ਰੋਫੈਸਰ ਆਪਣੀ ਮਰਜ਼ੀ ਨਾਲ ਨੌਜਵਾਨਾਂ ਦੀ ਕਾਰ ਵਿੱਚ ਬੈਠ ਕੇ ਉਨ੍ਹਾਂ ਦੇ ਨਾਲ ਗਿਆ ਸੀ। ਇਸ ਦੌਰਾਨ ਕਿਸੇ ਨਿੱਜੀ ਮਸਲੇ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਨੌਜਵਾਨਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਮੋਬਾਇਲ ਫੋਨ ਖੋਹ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪ੍ਰੋਫੈਸਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਹਕੀਕਤ ਦੇ ਉਲਟ ਸੀ। ਇਸ ਗਲਤ ਬਿਆਨਬੰਦੀ ਕਾਰਨ ਮਾਮਲੇ ਨੂੰ ਅਗਵਾ ਅਤੇ ਲੁੱਟ-ਖੋਹ ਦੇ ਰੂਪ ਵਿੱਚ ਦਰਸਾਇਆ ਗਿਆ, ਜਿਸ ਨਾਲ ਸ਼ਹਿਰ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ। ਐਸਪੀ ਨੇ ਦੱਸਿਆ ਕਿ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਲਈ ਗ੍ਰਿਫ਼ਤਾਰ ਨੌਜਵਾਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਦੇ ਮੈਡੀਕਲ ਟੈਸਟ ਵੀ ਕਰਵਾਏ ਜਾਣਗੇ, ਤਾਂ ਜੋ ਘਟਨਾ ਦੇ ਹਰ ਪੱਖ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ। ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਮਨੋਜ ਕੁਮਾਰ ਅਤੇ ਐਸਐਚਓ ਹਰਬੰਸ ਸਿੰਘ ਵੀ ਮੌਜੂਦ ਸਨ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਘਟਨਾ ਬਾਰੇ ਸਿਰਫ਼ ਸਹੀ ਅਤੇ ਪੁਸ਼ਟੀਤ ਜਾਣਕਾਰੀ ਹੀ ਸਾਂਝੀ ਕੀਤੀ ਜਾਵੇ, ਤਾਂ ਜੋ ਸਮਾਜ ਵਿੱਚ ਗਲਤ ਸੁਨੇਹਾ ਨਾ ਫੈਲੇ।