ਆਈਟੀਆਈ ਫਲਾਈਓਵਰ ਚੌਕ ’ਤੇ ਵੱਡਾ ਹਾਦਸਾ ਟਲਿਆ
ਆਈਟੀਆਈ ਫਲਾਈਓਵਰ ਚੌਕ ’ਤੇ ਵੱਡਾ ਹਾਦਸਾ ਟਲਿਆ
Publish Date: Tue, 06 Jan 2026 06:09 PM (IST)
Updated Date: Wed, 07 Jan 2026 04:03 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਆਈਟੀਆਈ ਫਲਾਈਓਵਰ ਚੌਕ ਹੇਠਾਂ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਇਕ ਵਿਅਕਤੀ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ। ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਜਸਵੰਤ ਸਿੰਘ ਵਾਸੀ ਪਿੰਡ ਜੌੜਕੀਆਂ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਸਵੰਤ ਸਿੰਘ ਗੁਰਮੁਖੀ ਫਲਾਈਓਵਰ ਚੌਕ ’ਤੇ ਬੱਸ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਇੱਕ ਬੇਸਹਾਰਾ ਪਸ਼ੂ ਸਾਹਮਣੇ ਆ ਗਿਆ। ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਜਸਵੰਤ ਸਿੰਘ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ। ਵਿਅਕਤੀ ਕਾਫ਼ੀ ਉਚਾਈ ਤੋਂ ਜ਼ੋਰ ਨਾਲ ਹੇਠਾਂ ਡਿੱਗਿਆ, ਜਿਸ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਗਨੀਮਤ ਇਹ ਰਹੀ ਕਿ ਇੰਨ੍ਹੇ ਵੱਡੇ ਹਾਦਸੇ ਦੇ ਬਾਵਜੂਦ ਉਸ ਦੀ ਜਾਨ ਬਚ ਗਈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ। ਇਸ ਵੇਲੇ ਜਸਵੰਤ ਸਿੰਘ ਦਾ ਇਲਾਜ ਏਮਜ਼ ਬਠਿੰਡਾ ਵਿੱਚ ਚੱਲ ਰਿਹਾ ਹੈ ਅਤੇ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਘਟਨਾ ਇਕ ਵਾਰ ਫਿਰ ਸ਼ਹਿਰ ਦੇ ਫਲਾਈਓਵਰਾਂ ’ਤੇ ਸੁਰੱਖਿਆ ਪ੍ਰਬੰਧਾਂ ਅਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਢੁੱਕਵੇਂ ਸੁਰੱਖਿਆ ਉਪਾਅ ਕੀਤੇ ਜਾਣ ਅਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ, ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।