ਕੇਂਦਰ ਵੱਲੋਂ 2 ਰੁਪਏ ਵਾਲੀ ਕਣਕ ਬੰਦ ਕਰਕੇ ਗ਼ਰੀਬਾਂ ਦੇ ਚੁੱਲ੍ਹੇ ਕੀਤੇ ਠੰਢੇ : ਸਮਾਓ
ਕੇਂਦਰ ਸਰਕਾਰ ਵੱਲੋਂ 2 ਰੁਪਏ ਵਾਲੀ ਕਣਕ ਬੰਦ ਕਰਕੇ ਗਰੀਬਾਂ ਦੇ ਚੁੱਲ੍ਹੇ ਠੰਡੇ ਕੀਤੇ: ਭਗਵੰਤ ਸਿੰਘ ਸਮਾਓ
Publish Date: Tue, 06 Jan 2026 05:27 PM (IST)
Updated Date: Wed, 07 Jan 2026 04:03 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਕੇਂਦਰ ਸਰਕਾਰ ਵੱਲੋਂ ਮਨਰੇਗਾ ਤੇ ਪੰਜਾਬ ਸਰਕਾਰ ਵੱਲੋਂ 2 ਰੁਪਏ ਵਾਲੀ ਕਣਕ ਸਕੀਮ ਬੰਦ ਕਰਕੇ ਗਰੀਬ ਮਜ਼ਦੂਰਾਂ ਵਰਗ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਗਏ ਹਨ। ਰੋਜ਼ੀ-ਰੋਟੀ ਅਤੇ ਸੰਵਿਧਾਨ ਦੀ ਰੱਖਿਆ ਲਈ ਕੇਂਦਰ ਵਿਚ ਭਾਜਪਾ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨਾ ਜ਼ਰੂਰੀ ਹੈ। ਇਹ ਵਿਚਾਰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਅੱਜ ਇੱਥੇ ਰਾਮਪੁਰਾ ਬਲਾਕ ਦੇ ਮਜ਼ਦੂਰ ਆਗੂਆਂ ਦੀ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਸੰਘਰਸ਼ਾਂ ਤੇ ਕੁਰਬਾਨੀਆਂ ਨਾਲ ਹਾਸਲ ਕੀਤੇ ਮਨਰੇਗਾ ਕਾਨੂੰਨ ਅਧੀਨ 100 ਦਿਨਾਂ ਦੀ ਰੁਜ਼ਗਾਰ ਗਰੰਟੀ ਨੂੰ ਮੋਦੀ ਭਾਜਪਾ ਸਰਕਾਰ ਨੇ ਹਕੀਕਤ ’ਚ ਖ਼ਤਮ ਕਰ ਦਿੱਤਾ ਹੈ। ਪਿਛਲੇ ਸਾਲਾਂ ਤੋਂ 2 ਰੁਪਏ ਵਾਲੀ ਕਣਕ ਸਕੀਮ ਬੰਦ ਕਰਕੇ ਗਰੀਬਾਂ ਦੇ ਪੇਟ ’ਤੇ ਲੱਤ ਮਾਰੀ ਗਈ ਹੈ। ਮਨਰੇਗਾ ਰੁਜ਼ਗਾਰ ਬਚਾਉਣ ਲਈ ਲੋੜ ਪੈਣ ’ਤੇ ਮਜ਼ਦੂਰ ਦਿੱਲੀ ਵੱਲ ਕੂਚ ਕਰਨਗੇ। ਇਸ ਮੌਕੇ ਸਯੁੰਕਤ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਭਾਜਪਾ ਭਜਾਓ, ਆਪ ਭਜਾਓ-ਮਨਰੇਗਾ ਰੁਜ਼ਗਾਰ ਬਚਾਓ ਮੁਹਿੰਮ ਤਹਿਤ ਪਿੰਡਾਂ ਅੰਦਰ ਮਜ਼ਦੂਰਾਂ ਦੀ ਲਾਮਬੰਦੀ ਤੇਜ਼ ਕਰਨ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਤੇ ਜ਼ਿਲ੍ਹਾ ਸਕੱਤਰ ਸੁਖਜੀਵਨ ਸਿੰਘ ਮੌੜ ਨੇ ਦੱਸਿਆ ਕਿ 8 ਜਨਵਰੀ ਨੂੰ ਬਰਨਾਲਾ ਵਿਖੇ ਸਾਂਝੀ ਸੂਬਾ ਪੱਧਰੀ ਕਨਵੈਨਸ਼ਨ ਕਰ ਕੇ ਮਨਰੇਗਾ ਰੁਜ਼ਗਾਰ ਬਚਾਓ ਲਈ ਤਿੱਖੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।