ਰੋਡਵੇਜ਼ ਮੁਲਾਜ਼ਮਾਂ ਨੇ ਵਰਕਰਾਂ ਦੀ ਰਿਹਾਈ ਸਬੰਧੀ ਕੀਤੀ ਗੇਟ ਰੈਲੀ
ਰੋਡਵੇਜ਼ ਕਰਮਚਾਰੀਆਂ ਨੇ ਵਰਕਰਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗੇਟ ਰੈਲੀ ਕੀਤੀ
Publish Date: Tue, 06 Jan 2026 05:21 PM (IST)
Updated Date: Wed, 07 Jan 2026 04:00 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਪਨਬਸ–ਪੀਆਰਟੀਸੀ ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਬਠਿੰਡਾ ਡਿਪੂ ਦੀ ਵਰਕਸ਼ਾਪ ਗੇਟ ਦੇ ਬਾਹਰ ਗੇਟ ਰੈਲੀ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਯੂਨੀਅਨ ਦੇ ਪਿਛਲੇ ਸੰਘਰਸ਼ਾਂ ਦੌਰਾਨ ਕੁਝ ਸਾਥੀਆਂ ’ਤੇ ਦਰਜ ਕੀਤੇ ਕਥਿਤ ਝੂਠੇ ਮਾਮਲੇ ਰੱਦ ਕਰਵਾਉਣ ਅਤੇ ਜੇਲ੍ਹਾਂ ਵਿਚ ਬੰਦ ਵਰਕਰਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਸਵੇਰੇ ਕਰੀਬ 10 ਵਜੇ ਵੱਡੀ ਗਿਣਤੀ ਵਿਚ ਕਾਂਟ੍ਰੈਕਟ ਵਰਕਰ ਵਰਕਸ਼ਾਪ ਗੇਟ ’ਤੇ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਤੇ ਪ੍ਰਬੰਧਨ ਕਾਂਟ੍ਰੈਕਟ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਲੰਮੇ ਸਮੇਂ ਤੋਂ ਨਜ਼ਰਅੰਦਾਜ਼ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਕਾਂਟ੍ਰੈਕਟ ਵਰਕਰਾਂ ਦੇ ਹੱਕਾਂ ਲਈ ਚਲ ਰਹੇ ਸੰਘਰਸ਼ਾਂ ਨੂੰ ਦਬਾਉਣ ਲਈ ਉਨ੍ਹਾਂ ’ਤੇ ਝੂਠੇ ਕੇਸ ਦਰਜ ਕੀਤੇ ਗਏ ਅਤੇ ਕਈ ਸਾਥੀਆਂ ਨੂੰ ਜੇਲ੍ਹਾਂ ਵਿਚ ਭੇਜਿਆ ਗਿਆ, ਜੋ ਕਿ ਬੇਇਨਸਾਫੀ ਹੈ। ਅਦਾਲਤੀ ਫ਼ੈਸਲਿਆਂ ਦੇ ਬਾਵਜੂਦ “ਬਰਾਬਰ ਕੰਮ ਲਈ ਬਰਾਬਰ ਤਨਖ਼ਾਹ” ਦਾ ਨਿਯਮ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਵਰਕਰਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਆਗੂ ਅੰਗਰੇਜ਼ ਸਿੰਘ ਨੇ ਐਲਾਨ ਕੀਤਾ ਕਿ 9 ਜਨਵਰੀ ਨੂੰ ਸੰਗਰੂਰ ਵਿਚ ਇੱਕ ਵੱਡਾ ਕਨਵੈਨਸ਼ਨ ਕੀਤਾ ਜਾਵੇਗਾ, ਜਿਸ ਵਿਚ ਜੇਲ੍ਹਾਂ ਵਿਚ ਬੰਦ ਸਾਥੀਆਂ ਦੀ ਰਿਹਾਈ ਲਈ ਪੱਕਾ ਮੋਰਚਾ ਲਗਾਉਣ ਸਬੰਧੀ ਰਣਨੀਤੀ ਤੈਅ ਕੀਤੀ ਜਾਵੇਗੀ। ਜੇਕਰ ਨਾਜਾਇਜ਼ ਕੇਸ ਵਾਪਸ ਨਹੀਂ ਲਏ ਗਏ ਅਤੇ ਵਰਕਰਾਂ ਨੂੰ ਤੁਰੰਤ ਰਿਹਾਅ ਨਾ ਕੀਤਾ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਯੂਨੀਅਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਦਾਲਤੀ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਤੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਮੰਗ ਸਬੰਧੀ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।