ਛਾਤੀ ਕੈਂਸਰ ਦੀ ਜਾਂਚ ਲਈ ਸਕ੍ਰੀਨਿੰਗ ਕੈਂਪ ਲਾਇਆ
ਛਾਤੀ ਕੈਂਸਰ ਦੀ ਜਾਂਚ ਲਈ ਵਿਸ਼ੇਸ਼ ਸਕ੍ਰੀਨਿੰਗ ਕੈਂਪ ਲਾਇਆ
Publish Date: Tue, 06 Jan 2026 05:18 PM (IST)
Updated Date: Wed, 07 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਿਹਤ ਵਿਭਾਗ ਪੰਜਾਬ ਵੱਲੋਂ ਔਰਤਾਂ ਵਿਚ ਵੱਧ ਰਹੇ ਛਾਤੀ ਕੈਂਸਰ ਬਾਰੇ ਜਾਗਰੂਕਤਾ ਅਤੇ ਉਸਦੀ ਸਮੇਂ ਸਿਰ ਪਛਾਣਨ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਸਕ੍ਰੀਨਿੰਗ ਕੈਂਪ ਲਾਇਆ ਗਿਆ ਹੈ। ਇਹ ਕੈਂਪ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ 10 ਜਨਵਰੀ ਤਕ ਜਾਰੀ ਰਹੇਗਾ। ਜਿੱਥੇ ਮਾਡਰਨ ਥਰਮਲ ਐਨਾਲਿਟਿਕਲ ਤਕਨੀਕਾਂ ਰਾਹੀਂ ਛਾਤੀ ਕੈਂਸਰ ਦੀ ਸ਼ੁਰੂਆਤੀ ਜਾਂਚ ਕੀਤੀ ਜਾਵੇਗੀ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਐੱਸਐੱਮਓ ਡਾ. ਰਵੀਕਾਂਤ ਗੁਪਤਾ ਨੇ ਦੱਸਿਆ ਕਿ ਛਾਤੀ ਕੈਂਸਰ ਦਾ ਸਮੇਂ ਸਿਰ ਪਤਾ ਲਗਾ ਕੇ ਹੀ ਇਸ ਦਾ ਪੂਰਾ ਇਲਾਜ ਸੰਭਵ ਹੈ। ਉਨ੍ਹਾਂ ਸਮੂਹ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਆਪਣੀ ਜਾਂਚ ਜ਼ਰੂਰ ਕਰਵਾਉਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੈਂਪ ਦੌਰਾਨ ਮੁਫ਼ਤ ਚੈੱਕਅਪ, ਜਾਣਕਾਰੀ ਸੈਸ਼ਨ ਅਤੇ ਕੈਂਸਰ ਪ੍ਰਤੀ ਜਾਗਰੂਕਤਾ ਸਮੱਗਰੀ ਲੋਕਾਂ ਨੂੰ ਉਪਲਬਧ ਕਰਵਾਈ ਜਾਵੇਗੀ। ਸਿਵਲ ਹਸਪਤਾਲ ਤਲਵੰਡੀ ਸਾਬੋ ਵੱਲੋਂ ਸਾਰੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਸਿਹਤ ਪ੍ਰਤੀ ਸਚੇਤ ਰਹਿਣ ਤੇ ਕੈਂਸਰ ਤੋਂ ਬਚਾਅ ਲਈ ਸਮੇਂ ਸਿਰ ਸਕ੍ਰੀਨਿੰਗ ਕਰਵਾਉਣ ਨੂੰ ਆਪਣੀ ਜ਼ਿੰਮੇਵਾਰੀ ਸਮਝਣ।