ਲੋਕਾਂ ਨੂੰ ਨਿਮੋਨੀਆ ਬਾਰੇ ਕੀਤਾ ਜਾਗਰੂਕ
ਸਿਹਤ ਵਿਭਾਗ ਨੇ ਲੋਕਾਂ ਨੂੰ ਨਿਮੋਨੀਆ ਬਾਰੇ ਕੀਤਾ ਜਾਗਰੂਕ
Publish Date: Tue, 06 Jan 2026 05:12 PM (IST)
Updated Date: Wed, 07 Jan 2026 04:00 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਸਰਦੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਤੇ ਤਾਪਮਾਨ ਵਿਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਲੋਕਾਂ ਵਿਚ ਪੈਦਾ ਹੋ ਸਕਣ ਵਾਲੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵੇਖਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਨਿਮੋਨੀਆ ਬਿਮਾਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਿਮੋਨੀਆ ਦੀ ਸਮੇਂ ਸਿਰ ਪਛਾਣ ਕਰਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਘਾਤਕ ਸਾਬਤ ਹੋ ਸਕਦੀ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਇਕ ਮੁੱਖ ਕਾਰਨ ਨਿਮੋਨੀਆ ਹੈ। ਇਹ ਬਿਮਾਰੀ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਕਾਰਨ ਹੁੰਦੀ ਹੈ, ਜੋ ਬੱਚਿਆਂ ਦੀ ਸਿਹਤ ’ਤੇ ਗੰਭੀਰ ਅਸਰ ਪਾਂਦੀ ਹੈ। ਉਨ੍ਹਾਂ ਕਿਹਾ ਕਿ ਨਿਮੋਨੀਆ ਇਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ’ਚ ਸਮਾਂ ਬਰਬਾਦ ਕਰਨ ਦੀ ਬਜਾਏ ਇਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਕੇ ਮਰੀਜ਼ ਨੂੰ ਤੁਰੰਤ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਮੋਨੀਆ ਤੋਂ ਬਚਾਅ ਤੇ ਇਸ ਦੇ ਇਲਾਜ ਲਈ “ਸੋਸ਼ਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਊਟ੍ਰੀਲਾਈਜ਼ ਨਿਮੋਨੀਆ ਸਕੱਸੈਸਫੁੱਲੀ (ਸਾਂਸ)” ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਲੋਕਾਂ ਨੂੰ ਨਿਮੋਨੀਆ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ, ਨਿਮੋਨੀਆ ਦੀ ਜਲਦੀ ਪਛਾਣ ਕਰਕੇ ਇਲਾਜ ਯਕੀਨੀ ਬਣਾਉਣਾ ਅਤੇ ਗੰਭੀਰ ਨਿਮੋਨੀਆ ਵਾਲੇ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਨੇ ਅਪੀਲ ਕੀਤੀ ਕਿ ਬੱਚਿਆਂ ਦਾ ਸਮੇਂ ਸਿਰ ਅਤੇ ਸੰਪੂਰਨ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ। ਇਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਅਸੀਂ ਨਿਮੋਨੀਆ ਵਰਗੀ ਗੰਭੀਰ ਬਿਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ।