ਘਰ ਤੇ ਦੁਕਾਨ ’ਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ, ਇਕ ਕਾਬੂ
ਘਰ ਅਤੇ ਦੁਕਾਨ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ
Publish Date: Tue, 06 Jan 2026 04:31 PM (IST)
Updated Date: Wed, 07 Jan 2026 04:00 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਚੋਰਾਂ ਵੱਲੋਂ ਇਕ ਘਰ ਤੇ ਦੁਕਾਨ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਪੁਲਿਸ ਨੇ ਇਕ ਮਾਮਲੇ ’ਚ ਇਕ ਵਿਅਕਤੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਜੇ ਮਾਮਲੇ ’ਚ ਅਣਪਛਾਤੇ ਚੋਰਾਂ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਤਰਸੇਮ ਸਿੰਘ ਵਾਸੀ ਪਿੰਡ ਬੀਬੀਵਾਲਾ ਨੇ ਜਾਣਕਾਰੀ ਦਿੱਤੀ ਕਿ 3 ਜਨਵਰੀ ਨੂੰ ਗੋਬਿੰਦ ਸਿੰਘ ਵਾਸੀ ਪਿੰਡ ਬੀਬੀਵਾਲਾ ਉਸਦੇ ਘਰ ’ਚ ਦਾਖਲ ਹੋਇਆ ਤੇ ਘਰੋਂ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਿਆ। ਪੀੜਤ ਮੁਤਾਬਕ ਮੁਲਜ਼ਮ ਉਸਦੇ ਘਰੋਂ ਸੋਨੇ ਦੇ ਦੋ ਜੋੜੇ ਟਾਪਸ (ਕਰੀਬ 10 ਗ੍ਰਾਮ) ਤੇ ਚਾਂਦੀ ਦੇ ਪੰਜ ਸਿੱਕੇ (ਕਰੀਬ 50 ਗ੍ਰਾਮ) ਚੋਰੀ ਕਰਕੇ ਲੈ ਗਿਆ। ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਕਰੀਬ 1 ਲੱਖ 40 ਹਜ਼ਾਰ ਰੁਪਏ ਦੱਸੀ ਗਈ ਹੈ। ਥਾਣਾ ਕੈਂਟ ਬਠਿੰਡਾ ਦੇ ਸਹਾਇਕ ਥਾਣੇਦਾਰ ਸੁਖਦਰਸ਼ਨ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ’ਚ ਪੁਲਿਸ ਨੇ ਗੋਬਿੰਦ ਸਿੰਘ ਖ਼ਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਮੌੜ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਜਸਬੀਰ ਸਿੰਘ ਵਾਸੀ ਪਿੰਡ ਘੁੰਮਣ ਖੁਰਦ ਨੇ ਦੱਸਿਆ ਕਿ ਉਹ ਪਿੰਡ ਕੁੱਤੀਵਾਲ ਵਿੱਚ ਇਲੈਕਟ੍ਰੀਸ਼ੀਅਨ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਕਿਹਾ ਕਿ 27 ਤੇ 28 ਦਸੰਬਰ 2025 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਚੋਰ ਦੁਕਾਨ ਵਿੱਚੋਂ ਟਿਊਬਵੈੱਲ ਵਾਲੀਆਂ 7 ਮੋਟਰਾਂ, 70 ਕਿਲੋ ਨਵੀਂ ਤਾਂਬੇ ਦੀ ਤਾਰ, 30 ਕਿਲੋ ਪੁਰਾਣੀ ਤਾਂਬੇ ਦੀ ਤਾਰ ਤੇ 10,000 ਰੁਪਏ ਨਕਦ ਚੋਰੀ ਕਰਕੇ ਲੈ ਗਏ। ਪੀੜਤ ਮੁਤਾਬਕ ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਕਰੀਬ ਢਾਈ ਲੱਖ ਰੁਪਏ ਹੈ। ਥਾਣਾ ਮੌੜ ਮੰਡੀ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।