ਅਧਿਆਪਕ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਤੇ ਰੈਲੀ ਦਾ ਐਲਾਨ
ਅਧਿਆਪਕ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਅਤੇ ਵਿਸ਼ਾਲ ਰੈਲੀ ਦਾ ਐਲਾਨ
Publish Date: Mon, 05 Jan 2026 07:07 PM (IST)
Updated Date: Tue, 06 Jan 2026 04:09 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਟੀਚਰ ਹੋਮ ਬਠਿੰਡਾ ਵਿਚ ਸਮੂਹ ਅਧਿਆਪਕ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰਕੇ ਆਪਣੇ ਅੰਦੋਲਨ ਦੀ ਰੂਪ-ਰੇਖਾ ਤੈਅ ਕੀਤੀ। ਮੀਟਿੰਗ ਵਿਚ ਇਹ ਐਲਾਨ ਕੀਤਾ ਗਿਆ ਕਿ 9 ਜਨਵਰੀ ਨੂੰ ਸ਼ਹਿਰ ਵਿਚ ਕੈਂਡਲ ਮਾਰਚ ਅਤੇ 18 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਅਧਿਆਪਕਾਂ ਨੇ ਆਪਣੀਆਂ ਮੁੱਖ ਮੰਗਾਂ ਵਿਚ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ, ਚੋਣਾਂ ਦੌਰਾਨ ਖੱਜਲ ਖੁਆਰੀ ਰੋਕਣ ਅਤੇ ਚੋਣ ਡਿਊਟੀ ਦੇ ਮਾਮਲੇ ਸੁਧਾਰਣ ਨੂੰ ਸ਼ਾਮਲ ਕੀਤਾ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਮ੍ਰਿਤਕ ਅਧਿਆਪਕ ਜੋੜੇ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੇ ਪਰਿਵਾਰ ਨੂੰ ਦੋ-ਦੋ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ, ਅਤੇ ਮੂਨਕ ਵਿਖੇ ਜਖਮੀ ਐਸੋਸੀਏਟ ਅਧਿਆਪਕਾ ਨੂੰ ਘੱਟੋ-ਘੱਟ 20 ਲੱਖ ਰੁਪਏ ਮੁਆਵਜ਼ਾ ਜਲਦ ਜਾਰੀ ਕੀਤਾ ਜਾਵੇ। ਮ੍ਰਿਤਕ ਅਧਿਆਪਕਾਂ ਦੇ ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਲਿਖਤੀ ਭਰੋਸਾ ਅਤੇ ਪੂਰਾ ਖਰਚ ਸਰਕਾਰ ਵੱਲੋਂ ਭਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿਚ ਚੋਣਾਂ ਦੌਰਾਨ ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣ ਦੀ ਪ੍ਰਥਾ ਨੂੰ ਤੁਰੰਤ ਰੋਕਣ, ਖਾਸ ਕਰਕੇ ਡਿਊਟੀ ਵਿਚ ਔਰਤਾਂ ਨੂੰ ਛੋਟ ਦੇਣ ਅਤੇ ਕਰਮਚਾਰੀਆਂ ਨੂੰ ਆਪਣੇ ਵਰਕਿੰਗ ਬਲਾਕ ਵਿਚ ਹੀ ਡਿਊਟੀ ਲਗਾਉਣ ਦੀ ਵੀ ਮੰਗ ਕੀਤੀ ਗਈ। ਨਾਲ ਹੀ ਪੋਲਿੰਗ ਬੂਥਾਂ 'ਤੇ ਖਾਣ-ਪੀਣ, ਰਹਾਇਸ਼ ਅਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਬਣਾਉਣ, ਬੀਐਲਓ ਨੂੰ ਚੋਣ ਡਿਊਟੀ ਤੋਂ ਬਾਹਰ ਰੱਖਣ ਅਤੇ ਚੋਣ ਸਮੱਗਰੀ ਰਿਟਰਨਿੰਗ ਅਫਸਰ ਪੱਧਰ 'ਤੇ ਪਹੁੰਚਾਉਣ ਦੀ ਯੋਜਨਾ ਵੀ ਤਿਆਰ ਕੀਤੀ ਗਈ। ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ 18 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਰੈਲੀ ਕੱਢੀ ਜਾਵੇਗੀ। ਮੀਟਿੰਗ ਅਧਿਆਪਕ ਜਥੇਬੰਦੀਆਂ ਵਿਚ ਡੈਮੋਕਰੇਟਿਕ ਟੀਚਰ ਫਰੰਟ, ਅਧਿਆਪਕ ਦਲ, ਗੌਰਮੈਂਟ ਟੀਚਰ ਯੂਨੀਅਨ, ਈਟੀਟੀ ਟੀਚਰ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਸ਼ਾਮਲ ਸਨ।