ਦਸਮੇਸ਼ ਪਿਤਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Mon, 05 Jan 2026 06:42 PM (IST)
Updated Date: Tue, 06 Jan 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਗੁਰੂਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਚਾਰ ਸਾਹਿਬਜ਼ਾਦਿਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ। ਹਰ ਸਾਲ ਵਾਂਗ ਪਵਿੱਤਰ ਨਗਰ ਕੀਰਤਨ ਕਾਰ ਸੇਵਾ ਖਡੂਰ ਸਾਹਿਬ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਗੁਰੂਸਰ ਸਮੇਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਅੱਜ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਗੁਰੂ ਸਾਹਿਬ ਵੱਲੋਂ ਬਖਸ਼ੇ ਜੈਕਾਰਿਆਂ ਨਾਲ ਆਰੰਭ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਦੀ ਆਮਦ ਨੂੰ ਮੁੱਖ ਰੱਖਦਿਆਂ ਪਿੰਡ ਗੁਰੂਸਰ ਵਿਖੇ ਵੱਖ-ਵੱਖ ਗਲੀਆਂ ’ਚ ਸੰਗਤ ਲਈ ਅਨੇਕਾਂ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਜਦੋਂਕਿ ਗੁਰੂ ਕਾ ਲੰਗਰ ਪਿੰਡ ਗੁਰੂਸਰ ਦੇ ਸਰਕਾਰੀ ਸਕੂਲ ਵਿਖੇ ਛਕਾਇਆ ਗਿਆ। ਇਸ ਤੋਂ ਇਲਾਵਾ ਨਗਰ ਕੀਰਤਨ ਦੌਰਾਨ ਵੱਖ ਵੱਖ ਕਵੀਸ਼ਰੀ ਜੱਥਿਆਂ ਵੱਲੋਂ ਕਵਿਤਾਵਾਂ ਰਾਹੀਂ ਗੁਰੂ ਇਤਿਹਾਸ ਦੇ ਲੜ ਲਾਇਆ ਗਿਆ ਅਤੇ ਸਤਿਕਾਰ ਕਮੇਟੀ ਗੁਰੂਸਰ ਵੱਲੋਂ ਨਗਰ ਕੀਰਤਨ ਦੇ ਸਤਿਕਾਰ ਵਜੋਂ ਝਾੜੂ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ ਗਈ। ਇਸ ਮੌਕੇ ਨਗਰ ਕੀਰਤਨ ਪਿੰਡ ਗੁਰੂਸਰ ਦੀ ਗਲੀ ਨੰਬਰ 13 ਤੋਂ ਸ਼ੁਰੂ ਹੋ ਕੇ ਵੱਖ ਵੱਖ ਗਲੀਆਂ ਦੇ ਮੁੱਖ ਪੜਾਵਾਂ ਵਿੱਚ ਦੀ ਹੁੰਦਾ ਹੋਇਆ ਆਪਣੇ ਅੰਤਿਮ ਪੜਾਵਾਂ ਉਪਰੰਤ ਗੁਰੂਦੁਆਰਾ ਗੁਰੂਸਰ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਉਪਰੰਤ ਪੂਰੀ ਮਰਿਯਾਦਾ ਅਨੁਸਾਰ ਸਮਾਪਤ ਹੋਇਆ।