ਪਿੰਡ ਢੇਲਵਾਂ ਵਿਖੇ ਦੋ ਦਿਨਾ ਮੇਲਾ ਧੂਮਧਾਮ ਨਾਲ ਮੁਕੰਮਲ
ਪਿੰਡ ਢੇਲਵਾਂ ਵਿਖੇ ਦੋ ਰੋਜ਼ਾ ਮੇਲਾ ਧੂਮਧਾਮ ਨਾਲ ਮਨਾਇਆ
Publish Date: Mon, 05 Jan 2026 06:35 PM (IST)
Updated Date: Tue, 06 Jan 2026 04:06 AM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਪੁਰਾਤਨ ਸਮਿਆਂ ਤੋਂ ਚੱਲਿਆ ਆ ਰਿਹਾ ਪ੍ਰਸਿੱਧ ਦੋ ਰੋਜ਼ਾ ਮੇਲਾ ਪਿੰਡ ਢੇਲਵਾਂ ਵਿਖੇ ਬਾਬਾ ਗੋਅਰਧਨ ਨਾਥ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੇਲੇ ਨੂੰ ਪਿੰਡ ਢੇਲਵਾਂ, ਨਥਾਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਮਿਲਜੁਲ ਕੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਮੇਲੇ ਦੌਰਾਨ ਕਵਿਸ਼ਰੀ ਜੱਥਿਆਂ ਅਤੇ ਨਕਲੀਆਂ ਵੱਲੋਂ ਆਪਣੀ ਕਲਾ ਦੇ ਸ਼ਾਨਦਾਰ ਜੌਹਰ ਵਿਖਾਏ ਗਏ। ਨਕਲਾਂ ਤੇ ਲੋਕਧਾਰਾ ਰਾਹੀਂ ਦਰਸ਼ਕਾਂ ਨੂੰ ਹਸਾਇਆ ਗਿਆ ਅਤੇ ਪੁਰਾਤਨ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਮੇਲੇ ਵਿਚ ਦੂਰ-ਦਰਾਜ਼ ਤੋਂ ਆਏ ਸ਼ਰਧਾਲੂਆਂ ਨੇ ਬਾਬਾ ਗੋਅਰਧਨ ਨਾਥ ਜੀ ਦੇ ਦਰ ’ਤੇ ਹਾਜ਼ਰੀ ਭਰੀ, ਸੁੱਖਾਂ ਮੰਗੀਆਂ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਮੌਕੇ ਢੇਲਵਾਂ ਅਤੇ ਨਥਾਣਾ ਦੀ ਸਾਂਝੀ ਕਮੇਟੀ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿਸ ਨੂੰ ਸੰਗਤਾਂ ਨੇ ਬੜੀ ਸ਼ਰਧਾ ਨਾਲ ਛਕਿਆ। ਮੇਲੇ ਦੌਰਾਨ ਸੁਰੱਖਿਆ ਅਤੇ ਪ੍ਰਬੰਧਾਂ ਦੇ ਪੂਰੇ ਪ੍ਰਬੰਧ ਕੀਤੇ ਗਏ, ਜਿਸ ਨਾਲ ਮੇਲਾ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਰਿਪਜੀਤ ਰਿੰਪਾ, ਚਾਚਾ ਜੱਗਰ, ਜਿੰਮੀ ਭੁੱਲਰ, ਜਸਵੰਤ ਸਿੰਘ, ਸਤਿਨਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਸ਼ਰਧਾਲੂ ਹਾਜ਼ਰ ਰਹੇ।