ਮਨਰੇਗਾ ਖ਼ਤਮ ਕਰਨ ਵਿਰੁੱਧ ਮਜ਼ਦੂਰਾਂ ਦੀ ਹੋਈ ਮੀਟਿੰਗ
ਮਨਰੇਗਾ ਖ਼ਤਮ ਕਰਨ ਵਿਰੁੱਧ ਮਜ਼ਦੂਰਾਂ ਦੀ ਮੀਟਿੰਗ ਹੋਈ
Publish Date: Mon, 05 Jan 2026 06:23 PM (IST)
Updated Date: Tue, 06 Jan 2026 04:06 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਪਿੰਡ ਘੁੱਦਾ ਦੀ ਸਰੂਪਾ ਬਸਤੀ ਧਰਮਸ਼ਾਲਾ ਵਿੱਚ ਲੋਕ ਮੋਰਚਾ ਪੰਜਾਬ ਵੱਲੋਂ ਮਨਰੇਗਾ ਸਕੀਮ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ਼ 7 ਜਨਵਰੀ ਨੂੰ ਬਠਿੰਡਾ ਵਿਖੇ ਹੋਣ ਵਾਲੇ ਧਰਨੇ ਦੀ ਤਿਆਰੀ ਲਈ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਲੋਕ ਮੋਰਚਾ ਪੰਜਾਬ ਦੇ ਆਗੂ ਮਾਸਟਰ ਜਗਮੇਲ ਸਿੰਘ ਨੇ ਕੀਤੀ। ਕੇਂਦਰ ਸਰਕਾਰ ਮਨਰੇਗਾ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ “ਵੀਬੀ ਜੀ ਰਾਮ ਜੀ” ਵਰਗੀਆਂ ਯੋਜਨਾਵਾਂ ਲਿਆ ਕੇ ਬਜਟ ’ਚ ਭਾਰੀ ਕਟੌਤੀ ਕਰ ਰਹੀ ਹੈ, ਜਿਸ ਨਾਲ ਪੇਂਡੂ ਮਜ਼ਦੂਰਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਨਰੇਗਾ ਵਿੱਚ ਸੁਧਾਰ ਕਰਨ, ਦਿਨਾਂ ਦੀ ਗਿਣਤੀ ਵਧਾਉਣ, ਦਿਹਾੜੀ ਵਿੱਚ ਵਾਧਾ ਕਰਨ ਅਤੇ ਭਰਿਸ਼ਟਾਚਾਰ ਰੋਕਣ ਦੀ ਬਜਾਏ ਸਰਕਾਰ ਮਜ਼ਦੂਰਾਂ ਦੇ ਹੱਕਾਂ ’ਤੇ ਹਮਲਾ ਕਰ ਰਹੀ ਹੈ। ਮਾਸਟਰ ਜਗਮੇਲ ਸਿੰਘ ਨੇ ਕਿਹਾ ਕਿ ਹਰੀ ਕ੍ਰਾਂਤੀ, ਨਿੱਜੀਕਰਨ ਅਤੇ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਕਾਰਨ ਪਹਿਲਾਂ ਹੀ ਮਜ਼ਦੂਰ ਵਰਗ ਭਾਰੀ ਸੰਕਟ ਵਿੱਚ ਹੈ ਅਤੇ ਹੁਣ ਮਨਰੇਗਾ ਨੂੰ ਕਮਜ਼ੋਰ ਕਰਨਾ ਮਜ਼ਦੂਰਾਂ ਲਈ ਹੋਰ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ। ਉਨ੍ਹਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਦੀ ਰੱਖਿਆ ਲਈ ਇਕਜੁੱਟ ਹੋ ਕੇ 7 ਜਨਵਰੀ ਦੇ ਧਰਨੇ ਵਿਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ। ਜਸਕਰਨ ਕੋਟਗੁਰੂ, ਰਾਣਾ ਸਿੰਘ, ਗੁਰਦਾਤ ਸਿੰਘ, ਰਿੰਕੂ ਸਿੰਘ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਤੇ ਔਰਤਾਂ ਹਾਜ਼ਰ ਸਨ।