ਰੰਗਕਰਮੀ ਬੂਟਾ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਵਾ
ਜਮਹੂਰੀ ਅਧਿਕਾਰ ਸਭਾ ਵੱਲੋਂ ਉਘੇ ਰੰ
Publish Date: Mon, 05 Jan 2026 06:08 PM (IST)
Updated Date: Tue, 06 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਕਾਰਜਕਾਰਨੀ ਨੇ ਉਘੇ ਰੰਗਕਰਮੀ, ਜਮਹੂਰੀ ਕਾਰਕੁੰਨ ਅਤੇ ਸਮਾਜਿਕ ਸਰਗਰਮ ਕਾਰਜਕਰਤਾ ਬੂਟਾ ਸਿੰਘ (ਬਠਿੰਡਾ) ਦੇ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਹੋਏ ਅਕਾਲ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਸਹਾਇਕ ਸਕੱਤਰ ਅਵਤਾਰ ਸਿੰਘ ਨੇ ਕਿਹਾ ਕਿ ਬੂਟਾ ਸਿੰਘ ਨੇ ਨੌਕਰੀ ਦੇ ਨਾਲ-ਨਾਲ ਸਾਰੀ ਉਮਰ ਹੱਕ, ਸੱਚ ਅਤੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ। ਉਹ ਸੱਭਿਆਚਾਰਕ ਮੋਰਚੇ ’ਤੇ ਸਰਗਰਮ ਰਹਿੰਦਿਆਂ ਜਮਹੂਰੀ ਲਹਿਰ ਦਾ ਇਕ ਅਹਿਮ ਹਿੱਸਾ ਬਣੇ ਰਹੇ। ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦੇ ਦਿਹਾਂਤ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਪਹੁੰਚਿਆ ਹੈ, ਉੱਥੇ ਜਮਹੂਰੀ ਲਹਿਰ ਨੂੰ ਵੀ ਕਦੇ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ। ਬੂਟਾ ਸਿੰਘ ਆਪਣੇ ਪਿੱਛੇ ਇੱਕ ਬੇਟਾ ਐਡਵੋਕੇਟ ਸੁਦੀਪ ਸਿੰਘ, ਇਕ ਬੇਟੀ ਅਤੇ ਪਤਨੀ ਪੁਸ਼ਪ ਲਤਾ ਛੱਡ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਡੀਏਵੀ ਕਾਲਜ ਦੇ ਨੇੜੇ ਸਥਿਤ ਸ਼ਮਸ਼ਾਨਘਾਟ ’ਚ ਕੀਤਾ ਗਿਆ।