ਪਿੰਡ ਫੂਸ ਮੰਡੀ ’ਚ ਗਲੀਆਂ ਪੱਕੀਆਂ ਕਰਨ ਦਾ ਕੰਮ ਸ਼ੁਰੂ
ਪਿੰਡ ਫੂਸ ਮੰਡੀ ਵਿਖੇ ਇੰਟਰਲਾਕ ਟਾਇਲ ਨਾਲ ਗਲੀਆਂ ਪੱਕੀਆਂ ਕਰਨ ਦਾ ਕੰਮ ਸ਼ੁਰੂ
Publish Date: Mon, 05 Jan 2026 04:53 PM (IST)
Updated Date: Tue, 06 Jan 2026 04:02 AM (IST)

•ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਪਿੰਡ ਫੂਸ ਮੰਡੀ ਵਿਖੇ ਇੰਟਰਲਾਕ ਟਾਇਲਾਂ ਨਾਲ ਗਲੀਆਂ ਪੱਕੀਆਂ ਕਰਨ ਦਾ ਕੰਮ ਆਖਰਕਾਰ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਇਹ ਵਿਕਾਸ ਕਾਰਜ ਵੱਖ-ਵੱਖ ਕਾਰਨਾਂ ਕਰਕੇ ਰੁਕਿਆ ਹੋਇਆ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਕੰਮ ਪਿੰਡ ਭਾਗੂ ਨੂੰ ਜਾਂਦੀ ਸੜਕ ’ਤੇ ਸਥਿਤ ਢਾਣੀਆਂ ਦੀਆਂ ਗਲੀਆਂ ਤੋਂ ਸ਼ੁਰੂ ਕੀਤਾ ਗਿਆ, ਜਿਸ ਦੀ ਸ਼ੁਰੂਆਤ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਅਤੇ ਸੂਬਾ ਸਕੱਤਰ ਮਾਲਵਾ ਵੈਸਟ ਜੋਨ ਕਿਸਾਨ ਵਿੰਗ ਤੇ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪਰਮਜੀਤ ਸਿੰਘ ਕੋਟਫੱਤਾ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਰਵਾਈ ਗਈ। ਇਸ ਮੌਕੇ ਢਾਣੀ ਵਾਸੀਆਂ ਵੱਲੋਂ ਗਲੀਆਂ ਪੱਕੀਆਂ ਹੋਣ ਦੀ ਖੁਸ਼ੀ ਜਤਾਉਂਦੇ ਹੋਏ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਅਤੇ ਪਰਮਜੀਤ ਸਿੰਘ ਕੋਟਫੱਤਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਕਿਰਨਾ ਕੌਰ ਮਰਾੜ੍ਹ ਦੇ ਪਤੀ ਡਾ. ਜਗਸੀਰ ਸਿੰਘ ਮਰਾੜ੍ਹ, ਪੰਚ ਸੁਖਵਿੰਦਰ ਸਿੰਘ, ਪੰਚ ਵੀਰਪਾਲ ਕੌਰ, ਪੰਚ ਕਿਰਨਦੀਪ ਕੌਰ, ਪੰਚ ਮਨਦੀਪ ਸਿੰਘ ਅਤੇ ਗੁਰਲਾਲ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ। ਅੰਤ ਵਿਚ ਪਿੰਡ ਵਾਸੀਆਂ ਨੇ ਵਿਕਾਸ ਕਾਰਜ ਸ਼ੁਰੂ ਹੋਣ ’ਤੇ ਸੰਤੋਖ ਪ੍ਰਗਟ ਕਰਦਿਆਂ ਉਮੀਦ ਜਤਾਈ ਕਿ ਇਹ ਕੰਮ ਸਮੇਂ ਸਿਰ ਅਤੇ ਗੁਣਵੱਤਾ ਨਾਲ ਪੂਰਾ ਕੀਤਾ ਜਾਵੇਗਾ।