ਠੰਢ ਦੌਰਾਨ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਰੱਖੋ ਧਿਆਨ
ਠੰਢ ਦੌਰਾਨ ਛੋਟੇ ਬੱਚੇ, ਬਜੁਰਗਾਂ ਦਾ ਖਾਸ ਧਿਆਨ ਰੱਖਣ ਦੀ ਲੋੜ
Publish Date: Mon, 05 Jan 2026 04:43 PM (IST)
Updated Date: Tue, 06 Jan 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਠੰਢ ਦੌਰਾਨ ਬਜ਼ੁਰਗਾਂ ਤੇ ਛੋਟੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਦੱਸਿਆ ਕਿ ਇਸ ਮੌਸਮ ’ਚ ਬਜ਼ੁਰਗਾਂ ਤੇ ਬੱਚਿਆਂ ਦੀ ਖ਼ਾਸ ਦੇਖਭਾਲ ਕੀਤੀ ਜਾਵੇ ਤਾਂ ਜੋ ਠੰਢ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਬਜ਼ੁਰਗਾਂ ਨੂੰ ਗਰਮ ਕੱਪੜੇ ਪਹਿਨਾਏ ਜਾਣ, ਸਵੇਰ-ਸ਼ਾਮ ਠੰਢ ਤੋਂ ਬਚਾਅ ਕੀਤਾ ਜਾਵੇ ਅਤੇ ਨਿਯਮਿਤ ਤੌਰ ‘ਤੇ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਦੀ ਜਾਂਚ ਕਰਵਾਈ ਜਾਵੇ। ਠੰਢ ਦੇ ਵਧਦੇ ਪ੍ਰਭਾਵ ਕਾਰਨ ਬਜ਼ੁਰਗਾਂ ’ਚ ਬਲੱਡ ਪ੍ਰੈਸ਼ਰ, ਦਿਲ ਤੇ ਸਾਹ ਸਬੰਧੀ ਸਮੱਸਿਆਵਾਂ ਵਧ ਸਕਦੀਆਂ ਹਨ, ਜਦਕਿ ਬੱਚਿਆਂ ’ਚ ਖਾਂਸੀ, ਜੁਕਾਮ ਤੇ ਬੁਖ਼ਾਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਵੀ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ, ਪੌਸ਼ਟਿਕ ਖ਼ੁਰਾਕ ਤੇ ਗਰਮ ਪਾਣੀ ਦਿੱਤਾ ਜਾਵੇ। ਜੇ ਕਿਸੇ ਨੂੰ ਵੀ ਖਾਂਸੀ, ਜੁਕਾਮ, ਬੁਖ਼ਾਰ ਜਾਂ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੋਵੇ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰੇ। ਉਨ੍ਹਾਂ ਅਪੀਲ ਕੀਤੀ ਕਿ ਠੰਢ ’ਚ ਸਾਵਧਾਨੀਆਂ ਅਪਣਾ ਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।