ਗੁਰੂ ਕਾਸ਼ੀ ’ਵਰਸਿਟੀ ਨੇ ‘ਖੇਲੋ ਇੰਡੀਆ’ ’ਚ ਲਿਆ ਪੰਜਵਾਂ ਸਥਾਨ
ਗੁਰੂ ਕਾਸ਼ੀ ਯੂਨੀਵਰਸਿਟੀ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਮੋਹਰੀ
Publish Date: Mon, 05 Jan 2026 04:31 PM (IST)
Updated Date: Tue, 06 Jan 2026 04:00 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਲਾਕੇ ਦਾ ਨਾਮ ਰੋਸ਼ਨ ਕਰਦਿਆਂ ਖੇਡਾਂ ਦੇ ਖੇਤਰ ਵਿਚ ਨਵਾਂ ਮੀਲ ਪੱਥਰ ਸਥਾਪਤ ਕੀਤਾ। ਭਾਰਤ ਸਰਕਾਰ ਦੇ ਖੇਡ ਮੰਤਰਾਲਾ ਤੇ ਖੇਡ ਅਥਾਰਟੀ ਆਫ਼ ਇੰਡੀਆ ਵੱਲੋਂ ਰਾਜਸਥਾਨ ਦੇ ਜੈਪੁਰ, ਅਜਮੇਰ, ਉਦੈਪੁਰ, ਜੋਧਪੁਰ, ਕੋਟਾ ਅਤੇ ਭਰਤਪੁਰ ਵਿਖੇ ਕਰਵਾਈਆਂ ਗਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਭਾਰਤ ਵਿੱਚੋਂ ਓਵਰਆਲ ਪੰਜਵਾਂ ਸਥਾਨ ਹਾਸਲ ਕਰਕੇ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ। ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਡਾਇਰੈਕਟਰ ਸਪੋਰਟਸ, ਖੇਡ ਅਧਿਕਾਰੀਆਂ, ਕੋਚ ਸਾਹਿਬਾਨਾਂ ਅਤੇ ਖਿਡਾਰੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਲ 2026 ਵਿਚ ਹੋਣ ਵਾਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਵਰਸਿਟੀ ਜੀਕੇਯੂ ਦੇ ਤਗਮਾ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਨਾਲ ਸਨਮਾਨਤ ਕਰੇਗੀ। ਉਨ੍ਹਾਂ ਖਿਡਾਰੀਆਂ ਦੇ ਖੇਡ ਕੌਸ਼ਲ ਨੂੰ ਨਿਖਾਰਨ ਲਈ ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਅਤੇ ਉੱਚ ਕੋਟੀ ਦੀ ਕੋਚਿੰਗ ਪ੍ਰਦਾਨ ਕਰਨ ਦੀ ਗੱਲ ਵੀ ਕਹੀ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਅਤੇ ਪ੍ਰੋ.. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਭਵਿੱਖ ਵਿਚ ਇਹ ਖਿਡਾਰੀ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਂ ਐਲਾਨਣਗੇ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਮੈਡਲ ਹਾਸਲ ਕਰਨ ਵਾਸਤੇ ਮਿਹਨਤ ਅਤੇ ਸਖ਼ਤ ਅਭਿਆਸ ਕਰਨ ਲਈ ਪ੍ਰੇਰਿਆ। ਆਪਣੀ ਖੁਸ਼ੀ ਦਾ ਪ੍ਰਗਟਾਵਾ ’ਤੇ ਖਿਡਾਰੀਆਂ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੱਕੇ ਇਰਾਦੇ ’ਤੇ ਲਗਾਤਾਰ ਅਭਿਆਸ ਨਾਲ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ। ਖੇਡਾਂ ਤੇ ਇਸਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਲੋ ਇੰਡੀਆ ਵਰਸਿਟੀ ਖੇਡਾਂ ਵਿਚ ਭਾਰਤ ਦੀਆਂ 230 ਤੋਂ ਵੱਧ ਯੂਨੀਵਰਸਿਟੀਆਂ ਦੇ ਲਗਭਗ 5000 ਖਿਡਾਰੀਆਂ ਨੇ 23 ਖੇਡਾਂ ਵਿਚ ਹਿੱਸਾ ਲਿਆ। ਗੁਰੂ ਕਾਸ਼ੀ ਯੂਨੀਵਰਸਿਟੀ ਨੇ 48 ਤਗਮਿਆਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜੀਕੇਯੂ ਦੇ ਖਿਡਾਰੀਆਂ ਨੇ ਅੱਠ ਖੇਡਾਂ ਵਿਚ ਜ਼ੋਰ ਅਜ਼ਮਾਇਸ਼ ਕੀਤੀ ਤੇ ਅੱਠਾਂ ਵਿਚ ਹੀ ਤਗਮੇ ਹਾਸਲ ਕੀਤੇ। ਵਰਸਿਟੀ ਨੇ ਬਾਕਸਿੰਗ ਵਿਚ 5, ਕੈਨੋਅ ਅਤੇ ਕਾਯਾਕਿੰਗ ਵਿਚ 3, ਅਥਲੈਟਿਕਸ ਵਿਚ 2, ਕੁਸ਼ਤੀ ਵਿਚ 2, ਤਲਵਾਰਬਾਜੀ ਵਿਚ 2 ਤੇ ਵੇਟ ਲਿਫਟਿੰਗ ਵਿਚ 1 ਸੋਨ ਤਗਮੇ ਨਾਲ ਕੁਲ 15 ਸੋਨ ਤਗਮੇ ਯੂਨੀਵਰਸਿਟੀ ਦੀ ਝੋਲੀ ਪਾਏ। ਵਰਸਿਟੀ ਵੱਲੋਂ 15 ਚਾਂਦੀ ਅਤੇ 18 ਕਾਂਸੇ ਦੇ ਤਗਮੇ ਵੀ ਜਿੱਤੇ ਗਏ।