ਠੇਕਾ ਕਰਮਚਾਰੀ ਰਾਮ ਚਰਨ ਨੂੰ ਦਿੱਤੀ ਭਾਵੁਕ ਵਿਦਾਇਗੀ
ਠੇਕਾ ਕਰਮਚਾਰੀ ਰਾਮ ਚਰਨ ਨੂੰ ਦਿੱਤੀ ਭਾਵੁਕ ਵਿਦਾਇਗੀ
Publish Date: Sun, 04 Jan 2026 04:39 PM (IST)
Updated Date: Mon, 05 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੀਐਸਪੀਸੀਐਲ/ਪੀਐਸਟੀਐਲ ਕੰਟਰੈਕਟੂਅਲ ਯੂਨੀਅਨ ਪੰਜਾਬ ਦੇ ਆਗੂਆਂ ਦੀ ਅਗਵਾਈ ਵਿਚ ਇਕ ਸਾਦੇ ਸਮਾਰੋਹ ਦੌਰਾਨ ਠੇਕਾ ਕਰਮਚਾਰੀਆਂ ਨੇ ਆਪਣੇ ਸਾਥੀ ਰਾਮ ਚਰਨ ਦੀ ਸੇਵਾਮੁਕਤੀ 'ਤੇ ਵਿਦਾਇਗੀ ਦਿੱਤੀ। ਆਗੂਆਂ ਨੇ ਕਿਹਾ ਕਿ ਰਾਮ ਚਰਨ ਨੇ ਲਗਭਗ 24 ਸਾਲ ਵੱਖ-ਵੱਖ ਅਹੁਦਿਆਂ ਵਿਚ ਸੇਵਾ ਕੀਤੀ ਅਤੇ ਹੁਣ ਉਹ 60 ਸਾਲ ਦੀ ਉਮਰ 'ਚ ਅਨਸਕਿਲਡ ਠੇਕਾ ਕਰਮਚਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਆਪਣੀ ਲੰਬੀ ਮਿਹਨਤ ਅਤੇ ਇਮਾਨਦਾਰੀ ਦੇ ਬਾਵਜੂਦ ਰਾਮ ਚਰਨ ਨੂੰ ਕੋਈ ਸਥਾਈ ਲਾਭ, ਪੈਨਸ਼ਨ ਜਾਂ ਹੋਰ ਸਮਾਜਿਕ ਸੁਰੱਖਿਆ ਲਾਭ ਨਹੀਂ ਮਿਲਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਬਦਲਦੀਆਂ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਹਜ਼ਾਰਾਂ ਠੇਕਾ ਕਰਮਚਾਰੀ ਬਿਨਾਂ ਕਿਸੇ ਸੁਰੱਖਿਆ ਦੇ ਸੇਵਾਮੁਕਤ ਹੋਣ ਲਈ ਮਜਬੂਰ ਹਨ। ਇਸ ਮੌਕੇ ਰਾਮ ਚਰਨ ਨੂੰ ਉਨ੍ਹਾਂ ਦੇ ਸਾਥੀਆਂ ਨੇ ਵਿਦਾਇਗੀ ਸਮਾਰੋਹ ਦੌਰਾਨ ਛੋਟੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੇ ਸਰਕਾਰੀ ਵਿਭਾਗਾਂ ਵਿਚ ਲਾਗੂ ਕੀਤੀਆਂ ਗਈਆਂ ਨਿੱਜੀਕਰਨ ਨੀਤੀਆਂ ਨੂੰ ਤੁਰੰਤ ਰੱਦ ਕਰੇ। ਇਸ ਤੋਂ ਇਲਾਵਾ ਸਾਰੇ ਆਊਟਸੋਰਸ ਅਤੇ ਠੇਕਾ ਮੁਲਾਜ਼ਮਾਂ ਜੋ ਲੰਬੇ ਸਮੇਂ ਤੋਂ ਸੇਵਾ ਨਿਭਾਅ ਰਹੇ ਹਨ, ਨੂੰ ਪਹਿਲ ਅਤੇ ਤਜਰਬੇ ਦੇ ਆਧਾਰ 'ਤੇ ਰੈਗੂਲਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਅਣਗੌਲਿਆ ਕਰਦੀ ਰਹੀ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਮ ਰਤਨ ਲਾਲ, ਮਨਦੀਪ ਸਿੰਘ, ਰਾਜੇਸ਼ ਕੁਮਾਰ ਅਤੇ ਮਹਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।