ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਜਾਰੀ
ਕਰੋੜਾਂ ਰੁਪਏ ਖਰਚ ਬਾਵਜੂਦ ਅਵਾਰਾ ਪਸ਼ੂਆਂ ਦੀ ਸਮੱਸਿਆ ਜਾਰੀ, ਨਹੀਂ ਨਿਕਲਿਆ ਕੋਈ ਢੁੱਕਵਾਂ ਹੱਲ
Publish Date: Sun, 04 Jan 2026 03:35 PM (IST)
Updated Date: Mon, 05 Jan 2026 04:02 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਗਰ ਨਿਗਮ ਬਠਿੰਡਾ ਵੱਲੋਂ ਸਮੇਂ-ਸਮੇਂ ’ਤੇ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਫੜ ਕੇ ਲੱਖਾਂ ਰੁਪਏ ਖਰਚ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਗਊਸ਼ਾਲਾਵਾਂ ਵਿਚ ਭੇਜਿਆ ਜਾਂਦਾ ਹੈ। ਨਗਰ ਨਿਗਮ ਬਠਿੰਡਾ ਕੋਲ ਹਰ ਸਾਲ ਲੱਗਭੱਗ 4 ਤੋਂ 5 ਕਰੋੜ ਰੁਪਏ ਕਾਉ-ਸੈਸ ਦੇ ਰੂਪ ਵਿਚ ਇਕੱਠੇ ਹੁੰਦੇ ਹਨ, ਜੋ ਕਿ ਗਊਆਂ ਨੂੰ ਫੜਨ, ਟਰਾਂਸਪੋਰਟੇਸ਼ਨ ਅਤੇ ਉਨ੍ਹਾਂ ਦੀ ਸੰਭਾਲ ’ਤੇ ਖਰਚ ਕੀਤੇ ਜਾਂਦੇ ਹਨ। ਕਰੋੜਾਂ ਰੁਪਏ ਸਾਲਾਨਾ ਖਰਚ ਹੋਣ ਦੇ ਬਾਵਜੂਦ ਅਵਾਰਾ ਪਸ਼ੂ ਮੁੜ ਬਠਿੰਡਾ ਦੀਆਂ ਸੜਕਾਂ, ਗਲੀਆਂ, ਮੁਹੱਲਿਆਂ ਅਤੇ ਹਾਈਵੇਆਂ ’ਤੇ ਘੁੰਮਦੇ ਨਜ਼ਰ ਆਉਂਦੇ ਹਨ। ਜਾਣਕਾਰੀ ਅਨੁਸਾਰ ਹੁਣ ਸੜਕਾਂ ’ਤੇ ਪੈ ਰਹੀ ਸੰਘਣੀ ਧੁੰਦ ਕਾਰਨ ਸੜਕਾਂ ਅਤੇ ਹਾਈਵੇ ’ਤੇ ਬੈਠੇ ਬੇਸਹਾਰਾ ਪਸ਼ੂ ਨਜ਼ਰ ਨਹੀਂ ਆਉਂਦੇ , ਜਿਸ ਨਾਲ ਸੜਕ ਹਾਦਸੇ ਵਾਪਰਦੇ ਹਨ।
ਸੂਚਨਾ ਦੇ ਅਧਿਕਾਰ ਕਾਨੂੰਨ–2005 ਅਧੀਨ 26 ਨਵੰਬਰ 2025 ਨੂੰ ਨਗਰ ਨਿਗਮ ਬਠਿੰਡਾ ਕੋਲ ਆਰਟੀਆਈ ਅਰਜ਼ੀ ਦਾਖ਼ਲ ਕੀਤੀ ਗਈ ਸੀ, ਜਿਸ ਰਾਹੀਂ ਸਾਲ 2020 ਤੋਂ ਬਾਅਦ ਫੜੇ ਗਏ ਅਵਾਰਾ ਪਸ਼ੂਆਂ ਦੀ ਸਾਲਾਨਾ ਗਿਣਤੀ ਸਬੰਧੀ ਜਾਣਕਾਰੀ ਮੰਗੀ ਗਈ ਸੀ। ਇਸ ਦੇ ਜਵਾਬ ਵਿਚ ਨਗਰ ਨਿਗਮ ਬਠਿੰਡਾ ਵੱਲੋਂ ਪੱਤਰ ਨੰਬਰ 718 ਮਿਤੀ 26 ਦਸੰਬਰ 2025 ਰਾਹੀਂ 29 ਦਸੰਬਰ 2025 ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ, ਜੋ ਕਿ ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ–ਕਮ–ਲੋਕ ਸੂਚਨਾ ਅਫ਼ਸਰ, ਹੈਲਥ ਸ਼ਾਖਾ ਵੱਲੋਂ ਜਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਨਗਰ ਨਿਗਮ ਬਠਿੰਡਾ ਵੱਲੋਂ ਸਾਲ 2020 ਤੋਂ 17 ਦਸੰਬਰ 2025 ਤਕ ਲੱਗਭੱਗ 6 ਸਾਲਾਂ ਦੌਰਾਨ ਕੁੱਲ 10101 ਅਵਾਰਾ ਪਸ਼ੂ ਫੜ ਕੇ ਵੱਖ-ਵੱਖ ਗਊਸ਼ਾਲਾਵਾਂ ’ਚ ਭੇਜੇ ਜਾ ਚੁੱਕੇ ਹਨ। ਜਾਣਕਾਰੀ ਅਨੁਸਾਰ 2020 ਵਿਚ 2049 ਗਊਆਂ, 2021 ਵਿਚ 1771 ਗਊਆਂ, 2022 ਵਿਚ 1350, 2023 ਵਿਚ 2256 , 2024ਵਿਚ 1493 2025 (17.12.2025 ਤਕ) : 1182 ਗਊਆਂ ਨੂੰ ਫੜ੍ਹ ਕੇ ਗਊਸ਼ਾਲਾ ਭੇਜਿਆਂ ਜਾ ਚੁੱਕਾ ਹੈ। ਅੰਕੜਿਆਂ ਅਨੁਸਾਰ ਸਾਲ 2023 ਵਿਚ ਸਭ ਤੋਂ ਵੱਧ 2256 ਗਊਆਂ ਜਦਕਿ 2020 ਵਿਚ 2049 ਅਤੇ 2021 ਵਿਚ 1771 ਗਊਆਂ ਫੜੀਆਂ ਗਈਆਂ ਹਨ।