ਕੜਾਕੇ ਦੀ ਠੰਢ ਦੌਰਾਨ ਲੋਕ ਧੂਣੀਆਂ ਦਾ ਲੈ ਰਹੇ ਸਹਾਰਾ
ਕੜਾਕੇ ਦੀ ਠੰਢ ਨਾਲ ਜਨਜੀਵਨ ਪ੍ਰਭਾਵਿਤ, ਠੰਢ ਤੋਂ ਬਚਣ ਲਈ ਲੋਕ ਧੂਣੀਆਂ ਦਾ ਸਹਾਰਾ ਲੈਣ ਲੱਗੇ
Publish Date: Sat, 03 Jan 2026 05:32 PM (IST)
Updated Date: Sun, 04 Jan 2026 04:08 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ,
ਸੰਗਤ ਮੰਡੀ : ਪਿਛਲੇ ਦੋ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਠੰਢ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਕੱਤਰਾਉਂਦੇ ਨਜ਼ਰ ਆ ਰਹੇ ਹਨ। ਠੰਢ ਤੋਂ ਬਚਣ ਲਈ ਲੋਕ ਆਪਣੇ-ਆਪਣੇ ਘਰਾਂ, ਸੱਥਾਂ ਅਤੇ ਸਰਕਾਰੀ ਥਾਵਾਂ ’ਤੇ ਧੂਣੀਆਂ ਸੇਕ ਕੇ ਆਪਣਾ ਬਚਾਅ ਕਰ ਰਹੇ ਹਨ। ਸਵੇਰ ਤੇ ਸ਼ਾਮ ਵੇਲੇ ਛਾਈ ਰਹਿਣ ਵਾਲੀ ਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਨੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਠੱਪ ਕਰਕੇ ਰੱਖ ਦਿੱਤੀ ਹੈ। ਬਾਜ਼ਾਰਾਂ ਵਿੱਚ ਆਮ ਦਿਨਾਂ ਨਾਲੋਂ ਕਾਫ਼ੀ ਘੱਟ ਰੌਣਕ ਨਜ਼ਰ ਆ ਰਹੀ ਹੈ, ਜਿਸ ਕਾਰਨ ਵਪਾਰਕ ਸਰਗਰਮੀਆਂ ’ਤੇ ਵੀ ਅਸਰ ਪਿਆ ਹੈ। ਦਿਹਾੜੀਦਾਰ ਮਜ਼ਦੂਰਾਂ ਨੂੰ ਕੰਮ ਘੱਟ ਮਿਲ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਤੰਗੀ ਹੋਰ ਵਧ ਗਈ ਹੈ। ਪਿੰਡਾਂ ’ਚ ਪਸ਼ੂ ਪਾਲਕ ਕਿਸਾਨ ਵੀ ਠੰਢ ਦੇ ਕਹਿਰ ਤੋਂ ਕਾਫ਼ੀ ਪਰੇਸ਼ਾਨ ਹਨ। ਆਪਣੇ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਕਿਸਾਨ ਪਾਥੀਆਂ ਅਤੇ ਲੱਕੜਾਂ ਦੀ ਅੱਗ ਬਾਲ ਕੇ ਪਸ਼ੂਆਂ ਨੂੰ ਸੇਕ ਰਹੇ ਹਨ।
ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਠੰਢ ਇਸੇ ਤਰ੍ਹਾਂ ਵਧਦੀ ਰਹੀ ਤਾਂ ਪਸ਼ੂਆਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਠੰਢ ਦੌਰਾਨ ਸਭ ਤੋਂ ਵੱਧ ਪਰੇਸ਼ਾਨੀ ਬੱਚਿਆਂ, ਬਜ਼ੁਰਗਾਂ ਤੇ ਗਰੀਬ ਵਰਗ ਨੂੰ ਦਰਪੇਸ਼ ਆ ਰਹੀ ਹੈ। ਬਹੁਤ ਸਾਰੇ ਗਰੀਬ ਪਰਿਵਾਰਾਂ ਕੋਲ ਅੱਗ ਬਾਲਣ ਲਈ ਲੱਕੜਾਂ ਜਾਂ ਹੋਰ ਸਾਧਨਾਂ ਦੀ ਕਮੀ ਹੈ, ਜਿਸ ਕਾਰਨ ਉਨ੍ਹਾਂ ਲਈ ਠੰਢ ਤੋਂ ਬਚਣਾ ਮੁਸ਼ਕਲ ਹੋ ਰਿਹਾ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਠੰਢ ਇੰਨੀ ਜ਼ਿਆਦਾ ਹੈ ਕਿ ਸਿਰਫ਼ ਅੱਗ ਸੇਕ ਕੇ ਅਤੇ ਗਰਮ ਕੱਪੜੇ ਪਾ ਕੇ ਹੀ ਬਚਾਅ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਠੰਢ ਦੇ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਗਰਮ ਕੱਪੜੇ ਪਹਿਨਣ, ਗਰਮ ਪਦਾਰਥਾਂ ਦੀ ਵਰਤੋਂ ਕਰਨ ਅਤੇ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧ ਸਕਦੀ ਹੈ, ਜਿਸ ਨਾਲ ਜਨਜੀਵਨ ’ਤੇ ਪ੍ਰਭਾਵ ਹੋਰ ਡੂੰਘਾ ਹੋ ਸਕਦਾ ਹੈ। ਅਜਿਹੇ ਹਾਲਾਤ ’ਚ ਪ੍ਰਸ਼ਾਸਨ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਠੰਢ ਤੋਂ ਬਚਾਅ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।