ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Sat, 03 Jan 2026 05:06 PM (IST)
Updated Date: Sun, 04 Jan 2026 04:06 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਸਿੱਖ ਧਰਮ ਦੇ ਦਸਵੇਂ ਗੁਰੂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਕੋਟਸ਼ਮੀਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਪਵਿੱਤਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਸੀਰ ਸਿੰਘ ਵੱਲੋਂ ਅਰਦਾਸ ਉਪਰੰਤ ਰਵਾਨਾ ਹੋਇਆ। ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਮੁੜ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਸ਼ਾਂਤੀਪੂਰਨ ਢੰਗ ਨਾਲ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਸੰਗਤਾਂ ਲਈ ਚਾਹ, ਸਮੋਸੇ , ਦੁੱਧ , ਸੂਜੀ ਦੇ ਪ੍ਰਸ਼ਾਦ , ਬਰੈਂਡ ਅਤੇ ਪਕੌੜਿਆਂ ਦੇ ਲੰਗਰ ਵੱਖ-ਵੱਖ ਥਾਵਾਂ ’ਤੇ ਲਗਾਏ ਗਏ। ਰਾਗੀ ਭਾਈ ਰਾਜਵਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਦੇ ਕੀਰਤਨੀ ਜਥਿਆਂ ਵੱਲੋਂ ਕੀਤਾ ਗਿਆ ਰਸਭਿੰਨਾ ਕੀਰਤਨ ਸੰਗਤਾਂ ਲਈ ਆਤਮਿਕ ਰਸ ਦਾ ਸਰੋਤ ਬਣਿਆ। ਇਸੇ ਤਰ੍ਹਾਂ ਢਾਡੀ ਜਥਾ ਮੱਕੜ ਸਿੰਘ ਮੁਸਾਫ਼ਰ ਸਮਾਲਸਰ ਵਾਲਿਆਂ ਨੇ ਬੀਬੀ ਸੰਦੀਪ ਕੌਰ, ਬੀਬੀ ਮਨਿੰਦਰ ਕੌਰ ਅਤੇ ਸੁਰੰਗੀ ਮਾਸਟਰ ਕਵਲਜੀਤ ਸਿੰਘ ਦੇ ਸਹਿਯੋਗ ਨਾਲ ਢਾਢੀ ਵਾਰਾਂ ਰਾਹੀਂ ਸਿੱਖ ਇਤਿਹਾਸ ਨੂੰ ਜੀਵੰਤ ਕੀਤਾ। ਨਗਰ ਕੀਰਤਨ ਦੀ ਇੱਕ ਖਾਸ ਅਤੇ ਸ਼ਲਾਘਾਯੋਗ ਵਿਸ਼ੇਸ਼ਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਫ਼ਾਈ ਲਈ ਕੀਤਾ ਗਿਆ ਉਪਰਾਲਾ ਰਿਹਾ। ਲੰਗਰ ਦੌਰਾਨ ਖਿਲਰਣ ਵਾਲੇ ਕੂੜੇ-ਕਰਕਟ ਨੂੰ ਤੁਰੰਤ ਇਕੱਠਾ ਕਰਨ ਲਈ ਨਗਰ ਕੀਰਤਨ ਦੇ ਪਿੱਛੇ ਵਿਸ਼ੇਸ਼ ਟਰਾਲੀ ਚਲਾਈ ਗਈ, ਜਿਸ ਨਾਲ ਸਫ਼ਾਈ ਦੇ ਨਾਲ ਨਾਲ ਸੁਚੇਤੇਤਾ ਸੰਦੇਸ਼ ਮਿਲਦਾ ਹੈ। ਪਿੰਡ ਵਾਸੀਆਂ ਵੱਲੋਂ ਪਾਲਕੀ ਸਾਹਿਬ ਜੀ ਦੇ ਪਿੱਛੇ ਪੈਦਲ ਚੱਲ ਕੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ, ਜਦਕਿ ਨੌਜਵਾਨਾਂ ਅਤੇ ਬੱਚਿਆਂ ਨੇ ਸੇਵਾਵਾਂ ਨਿਭਾ ਕੇ ਸਿੱਖੀ ਸੰਸਕਾਰਾਂ ਨਾਲ ਆਪਣੀ ਸੇਵਾ ਨਿਭਾਈ ।