- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 11 ਵਿਅਕਤੀ ਗ੍ਰਿਫਤਾਰ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 11 ਵਿਅਕਤੀਆਂ ਨੂੰ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਪਦਾਰਥਾਂ ਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 64.50 ਗ੍ਰਾਮ ਹੈਰੋਇਨ, 30 ਲੀਟਰ ਲਾਹਣ, 1500 ਕੈਪਸੂਲ ਤੇ 8000 ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਸ਼ਹੀਦ ਊਧਮ ਸਿੰਘ ਨਗਰ ’ਚ ਛਾਪੇਮਾਰੀ ਕਰਦਿਆਂ ਪਿਯੂਸ ਕੁਮਾਰ ਨੂੰ 6 ਗ੍ਰਾਮ ਹੈਰੋਇਨ ਅਤੇ 8000 ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਲਜ਼ਮ ਕੋਲੋਂ ਹੋਰ ਪੁਛਗਿੱਤ ਕਰ ਰਹੀ ਹੈ। ਸੀਆਈਏ ਸਟਾਫ-ਦੋ ਦੀ ਪੁਲਿਸ ਨੇ ਪਿੰਡ ਭੁੱਚੋ ਕਲਾ ਤੋਂ ਦੋ ਵਿਅਕਤੀਆਂ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਭੁੱਚੋ ਕਲਾ ਨੇੜੇ ਗਸ਼ਤ ਦੌਰਾਨ ਉਨ੍ਹਾਂ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਉਕਤ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਤੇ ਗੁਰਤੇਜ ਸਿੰਘ ਵਾਸੀਆਨ ਪਿੰਡ ਕੌਰ ਸਿੰਘ ਵਾਲਾ ਵਜੋਂ ਹੋਈ ਹੈ। ਇਸ ਤਰ੍ਹਾਂ ਹੀ ਸੀਆਈਏ ਸਟਾਫ ਇਕ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਬੀੜ ਬਹਿਮਣ ’ਚ ਛਾਪੇਮਾਰੀ ਕਰਦਿਆਂ ਪਰਮਜੀਤ ਸਿੰਘ ਵਾਸੀ ਬੀੜ ਤਲਾਬ ਨੂੰ 11 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਵੀ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜਮਾਂ ਦੀ ਪਛਾਣ ਲਖਬੀਰ ਸਿੰਘ ਤੇ ਸੁਖਪ੍ਰੀਤ ਸਿੰਘ ਵਾਸੀ ਪਿੰਡ ਵਿਰਕ ਖੁਰਦ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਨਥਾਣਾ ਦੀ ਪੁਲਿਸ ਨੇ ਕੋਠੇ ਕਰਤਾਰਪੁਰ ਥਾਂਦੇ ਵਿੱਚ ਛਾਪੇਮਾਰੀ ਕਰਦਿਆਂ ਬਲਜੀਤ ਸਿੰਘ ਵਾਸੀ ਭੁੱਚੋ ਮੰਡੀ ਨੂੰ 1.50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਦਕਿ ਇਸੇ ਥਾਣੇ ਦੀ ਪੁਲਿਸ ਨੇ ਪਿੰਡ ਨਥਾਣਾ ਵਿੱਚ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1500 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਕੋਟਸ਼ਮੀਰ ਵਜੋਂ ਹੋਈ ਹੈ। ਥਾਣਾ ਫੂਲ ਦੀ ਪੁਲਿਸ ਨੇ ਭਾਈ ਰੂਪਾ ਵਿੱਚ ਛਾਪੇਮਾਰੀ ਕਰਦਿਆਂ ਗੁਰਜੰਟ ਸਿੰਘ ਨੂੰ 30 ਲੀਟਰ ਲਾਹਣ ਸਮੇਤ ਗ੍ਰਿਫਤਾਰ ਕੀਤਾ ਹੈ, ਜਦਕਿ ਸੰਗਤ ਮੰਡੀ ਦੀ ਪੁਲਿਸ ਨੇ ਪਿੰਡ ਪਥਰਾਲਾ ਵਿਖੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਗੁਰਜੀਤ ਸਿੰਘ ਵਾਸੀ ਪਿੰਡ ਫੱਲੜ ਵਜੋਂ ਹੋਈ ਹੈ।