ਪੱਤਰਕਾਰਾਂ ’ਤੇ ਦਰਜ ਮਾਮਲਿਆਂ ਦੀ ਕੋਟਭਾਈ ਵੱਲੋਂ ਨਿਖੇਧੀ
ਪੱਤਰਕਾਰਾਂ ’ਤੇ ਦਰਜ ਮਾਮਲਿਆਂ ਦੀ ਪ੍ਰੀਤਮ ਕੋਟਭਾਈ ਵੱਲੋਂ ਤਿੱਖੀ ਨਿਖੇਧੀ
Publish Date: Sat, 03 Jan 2026 04:50 PM (IST)
Updated Date: Sun, 04 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੱਤਰਕਾਰਾਂ ’ਤੇ ਦਰਜ ਕੀਤੇ ਗਏ ਮਾਮਲਿਆਂ ਦੀ ਕੜੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ੍ਹ ਹਨ ਤੇ ਉਨ੍ਹਾਂ ਨੂੰ ਆਪਣਾ ਕੰਮ ਇਮਾਨਦਾਰੀ ਅਤੇ ਨਿਡਰਤਾ ਨਾਲ ਕਰਨ ਤੋਂ ਰੋਕਣਾ ਸਿੱਧਾ ਲੋਕਤੰਤਰ ’ਤੇ ਹਮਲਾ ਹੈ। ‘ਆਪ’ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪ੍ਰੈਸ ਦੀ ਆਜ਼ਾਦੀ ਅਤੇ ਸੱਚੀ ਪੱਤਰਕਾਰਤਾ ਦੀ ਗੱਲ ਕੀਤੀ ਸੀ, ਪਰ ਅੱਜ ਉਸੇ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਡਰਾਉਣ ਅਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸੱਚ ਲਿਖਣ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਕੋਟਭਾਈ ਨੇ ਕਿਹਾ ਕਿ ਪੱਤਰਕਾਰਾਂ ’ਤੇ ਝੂਠੇ ਅਤੇ ਬੇਬੁਨਿਆਦ ਮਾਮਲੇ ਦਰਜ ਕਰਨਾ ਨਿੰਦਣਯੋਗ ਹੈ ਅਤੇ ਇਹ ਸੂਬੇ ਵਿੱਚ ਬੋਲਣ ਦੀ ਆਜ਼ਾਦੀ ਲਈ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ’ਤੇ ਭਰੋਸਾ ਹੁੰਦਾ, ਤਾਂ ਉਹ ਸਵਾਲਾਂ ਦਾ ਜਵਾਬ ਦਿੰਦੀ, ਨਾ ਕਿ ਸਵਾਲ ਪੁੱਛਣ ਵਾਲਿਆਂ ’ਤੇ ਮਾਮਲੇ ਦਰਜ ਕਰਵਾਉਂਦੀ। ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ—ਚਾਹੇ ਉਹ ਮਹਿੰਗਾਈ ਹੋਵੇ, ਬੇਰੁਜ਼ਗਾਰੀ, ਨਸ਼ਿਆਂ ਦੀ ਸਮੱਸਿਆ ਜਾਂ ਕਾਨੂੰਨ-ਵਿਵਸਥਾ ਦੀ ਹਾਲਤ। ਅਜਿਹੇ ਸਮੇਂ ਸਰਕਾਰ ਦਾ ਧਿਆਨ ਮੁੱਦਿਆਂ ਦੇ ਹੱਲ ਵੱਲ ਹੋਣਾ ਚਾਹੀਦਾ ਹੈ, ਨਾ ਕਿ ਮੀਡੀਆ ਨੂੰ ਦਬਾਉਣ ਵੱਲ ਕਰਨਾ ਚਾਹੀਦਾ ਹੈ। ਪ੍ਰੀਤਮ ਕੋਟਭਾਈ ਨੇ ਮੰਗ ਕੀਤੀ ਕਿ ਪੱਤਰਕਾਰਾਂ ’ਤੇ ਦਰਜ ਕੀਤੇ ਮਾਮਲੇ ਤੁਰੰਤ ਵਾਪਸ ਲਏ ਜਾਣ ਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਪੱਤਰਕਾਰਾਂ ਦੇ ਹੱਕਾਂ ਤੇ ਪ੍ਰੈਸ ਦੀ ਆਜ਼ਾਦੀ ਦੇ ਨਾਲ ਖੜੀ ਰਹੀ ਹੈ ਤੇ ਭਵਿੱਖ ਵਿੱਚ ਵੀ ਰਹੇਗੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ‘ਆਪ’ ਦੀ ਸਰਕਾਰ ਨੇ ਪੱਤਰਕਾਰਾਂ ਨੂੰ ਡਰਾਉਣ ਦੀ ਨੀਤੀ ਨਾ ਛੱਡੀ, ਤਾਂ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਸੜਕ ਤੋਂ ਲੈ ਕੇ ਸਦਨ ਤਕ ਲੈ ਕੇ ਜਾਵੇਗੀ। ਅੰਤ ’ਚ ਪ੍ਰੀਤਮ ਕੋਟਭਾਈ ਨੇ ਕਿਹਾ ਕਿ ਪੱਤਰਕਾਰਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਅਤੇ ਸੱਚ ਹਮੇਸ਼ਾਂ ਸਾਹਮਣੇ ਆਵੇਗਾ।