ਪੱਤਰਕਾਰਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਨਿਖੇਧੀ
ਪੱਤਰਕਾਰਾਂ ਖਿਲਾਫ ਪਰਚਾ ਦਰਜ ਕਰਨ ਦੀ ਨਿੰਦਾ
Publish Date: Sat, 03 Jan 2026 04:34 PM (IST)
Updated Date: Sun, 04 Jan 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਤ ਪ੍ਰੈੱਸ ਕਲੱਬ ਭਗਤਾ ਭਾਈਕਾ ਵੱਲੋਂ ਪੱਤਰਕਾਰਾਂ, ਆਰਟੀਆਈ ਕਾਰਕੁਨਾਂ ਤੇ ਸੋਸ਼ਲ ਮੀਡੀਆ ਕਾਰਕੁਨਾਂ ਖਿਲਾਫ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲੀਸ ਵੱਲੋਂ ਦਰਜ ਕੀਤੇ ਕੇਸ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ, ਜਨਰਲ ਸਕੱਤਰ ਪਰਮਜੀਤ ਢਿੱਲੋਂ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਭਗਤਾ ਨੇ ਕਿਹਾ ਕਿ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੱਤਰਕਾਰ ਮਨਦੀਪ ਸਿੰਘ ਮੱਕੜ, ਲੋਕ ਆਵਾਜ਼ ਟੀਵੀ ਦੇ ਮਨਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਆਰਟੀਆਈ ਕਾਰਕੁਨਾਂ ਸਮੇਤ ਸੋਸ਼ਲ ਮੀਡੀਆ ਕਾਰਕੁਨਾਂ ਖ਼ਿਲਾਫ਼ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਦਰਜ ਕੀਤੇ ਕੇਸ ਪ੍ਰੈੱਸ ਦੀ ਆਜ਼ਾਦੀ ਨਾਲ ਸਰਾਸਰ ਧੱਕਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਦੀ ਸਰਕਾਰ ਲੋਕਾਂ ਵੱਲੋਂ ਸਵਾਲ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਦੇ ਰਾਹ ਪੈ ਗਈ ਹੈ, ਜੋ ਕਿਸੇ ਸੂਰਤ ਵਿੱਚ ਬਰਦਾਸ਼ਤ ਯੋਗ ਨਹੀਂ ਹੈ। ਇਸ ਮੌਕੇ ਕਲੱਬ ਦੇ ਆਗੂ ਵੀਰਪਾਲ ਭਗਤਾ, ਪਰਵੀਨ ਕੁਮਾਰ ਗਰਗ, ਰਾਜਿੰਦਰ ਸਿੰਘ ਮਰਾੜ, ਰਾਜਿੰਦਰਪਾਲ ਸ਼ਰਮਾ, ਬਿੰਦਰ ਜਲਾਲ, ਹਰਜੀਤ ਸਿੰਘ ਗਿੱਲ, ਸਿਕੰਦਰ ਸਿੰਘ ਜੰਡੂ, ਸਿਕੰਦਰ ਸਿੰਘ ਬਰਾੜ ਹਾਜਰ ਸਨ।