ਸੁਸਾਇਟੀ ਵੱਲੋਂ ਰਿਫਲੈਕਟਰ ਲਾਉਣ ਦਾ ਮੁਹਿੰਮ ਸ਼ੁਰੂ
ਆਸਰਾ ਵੈਲਫੇਅਰ ਸੋਸਾਇਟੀ ਵੱਲੋਂ ਰਿਫਲੈਕਟਰ ਲਗਾਉਣ ਦਾ ਅਭਿਆਨ ਸ਼ੁਰੂ
Publish Date: Sat, 03 Jan 2026 04:32 PM (IST)
Updated Date: Sun, 04 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਭਿਆਨਕ ਸਰਦੀ ਅਤੇ ਸੰਘਣੀ ਧੁੰਦ ਕਾਰਨ ਵਧ ਰਹੀਆਂ ਸੜਕ ਹਾਦਸਿਆਂ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਆਸਰਾ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਰਮੇਸ਼ ਮਹੇਤਾ ਦੀ ਅਗਵਾਈ ਹੇਠ ਦਾਣਾ ਮੰਡੀ ਵਿੱਚ ਵੱਡੇ ਵਾਹਨਾਂ ਤੇ ਟਰਾਲੀਆਂ ’ਤੇ ਰਿਫਲੈਕਟਰ ਲਗਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ। ਇਸ ਅਭਿਆਨ ਵਿੱਚ ਮੁੱਖ ਮਹਿਮਾਨ ਵਜੋਂ ਏਡੀਸੀ ਜਨਰਲ ਪੂਨਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਦਕਿ ਆਰਟੀਓ ਪੁਨੀਤ ਸ਼ਰਮਾ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਇੰਚਾਰਜ ਮੇਜਰ ਸਿੰਘ, ਏਐੱਸਆਈ ਜਸਪਾਲ ਸਿੰਘ ਤੇ ਹਵਲਦਾਰ ਹਰਦੇਵ ਸਿੰਘ ਵੀ ਮੌਕੇ ’ਤੇ ਹਾਜ਼ਰ ਰਹੇ। ਏਡੀਸੀ ਪੂਨਮ ਸਿੰਘ ਨੇ ਟਰਾਲੀਆਂ ’ਤੇ ਰਿਫਲੈਕਟਰ ਲਾ ਕੇ ਅਭਿਆਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਧੁੰਦ ਦੌਰਾਨ ਰਿਫਲੈਕਟਰ ਬਹੁਤ ਹੀ ਜ਼ਰੂਰੀ ਹੁੰਦੇ ਹਨ, ਕਿਉਂਕਿ ਇਸ ਨਾਲ ਵਾਹਨਾਂ ਦੀ ਦਿਖਾਈ ਵਧਦੀ ਹੈ ਅਤੇ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਜਨਹਿੱਤ ਵਿੱਚ ਚਲਾਏ ਗਏ ਇਸ ਅਭਿਆਨ ਲਈ ਆਸਰਾ ਵੈੱਲਫੇਅਰ ਸੁਸਾਇਟੀ ਦੀ ਭਰਪੂਰ ਸ਼ਲਾਘਾ ਕੀਤੀ। ਸ਼ਹਿਰ ਵਾਸੀਆਂ ਵੱਲੋਂ ਵੀ ਇਸ ਅਭਿਆਨ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਇਸਨੂੰ ਸੜਕ ਸੁਰੱਖਿਆ ਦੀ ਦਿਸ਼ਾ ’ਚ ਇਕ ਸਰਾਹਣਯੋਗ ਕਦਮ ਦੱਸਿਆ। ਇਸ ਮੌਕੇ ਆਰਟੀਓ ਪੁਨੀਤ ਸ਼ਰਮਾ ਨੇ ਵਾਹਨ ਚਾਲਕਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਧੁੰਦ ਦੇ ਸਮੇਂ ਵਾਹਨ ਹੌਲੀ ਗਤੀ ਨਾਲ ਚਲਾਏ ਜਾਣ, ਹੈਡਲਾਈਟਾਂ ਅਤੇ ਇੰਡੀਕੇਟਰਾਂ ਦੀ ਸਹੀ ਵਰਤੋਂ ਕੀਤੀ ਜਾਵੇ ਤੇ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਉੱਥੇ ਹੀ ਟ੍ਰੈਫਿਕ ਪੁਲਿਸ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਵਾਹਨਾਂ ’ਤੇ ਰਿਫਲੈਕਟਰ, ਬ੍ਰੇਕ ਲਾਈਟਾਂ ਅਤੇ ਇੰਡੀਕੇਟਰਾਂ ਦਾ ਠੀਕ ਹਾਲਤ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਸਮਾਗਮ ਦੌਰਾਨ ਏਡੀਸੀ ਪੂਨਮ ਸਿੰਘ ਵੱਲੋਂ ਇਕ ਦਿਵਿਆਗ ਵਿਅਕਤੀ ਨੂੰ ਸਰਦੀ ਤੋਂ ਬਚਾਅ ਲਈ ਜੈਕਟ ਅਤੇ ਕੰਬਲ ਵੀ ਭੇਟ ਕੀਤਾ ਗਿਆ। ਇਸ ਅਭਿਆਨ ਵਿੱਚ ਅਜੈ ਕੁਮਾਰ ਗਰਗ ਧੁੰਨੀਕੇ, ਤਰੁਣ ਗੋਇਲ, ਸੰਦੀਪ ਗਰਗ ਹੈਪੀ, ਕੁਲਦੀਪ ਸਿੰਘ, ਲਵਲੀ ਬਾਂਸਲ, ਬਾਲ ਕ੍ਰਿਸ਼ਨ ਗਰਗ, ਬੱਬੂ ਪ੍ਰਧਾਨ, ਸੰਦੀਪ ਬੋਬੀ (ਐਮਸੀ) ਹੈਪੀ ਅਤੇ ਚੇਤਨ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।