ਨਹਿਰ ’ਚ ਛਾਲ ਮਾਰ ਕੇ ਵਿਅਕਤੀ ਦੀ ਮੌਤ
ਬਠਿੰਡਾ ਨਹਿਰ ਵਿੱਚ ਵਿਅਕਤੀ ਨੇ ਮਾਰੀ ਛਾਲ
Publish Date: Sat, 03 Jan 2026 04:20 PM (IST)
Updated Date: Sun, 04 Jan 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੀ ਸਰਹਿੰਦ ਨਹਿਰ ਨੇੜੇ ਇਕ ਬਜ਼ੁਰਗ ਵਿਅਕਤੀ ਵੱਲੋਂ ਨਹਿਰ ’ਚ ਛਾਲ ਮਾਰਨ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਸੂਚਨਾ ਮਿਲਦੇ ਹੀ ਸਹਾਰਾ ਦਫ਼ਤਰ ਦੀ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੁਰੰਤ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੀ। ਸਹਾਰਾ ਟੀਮ ਦੇ ਮੈਂਬਰ ਸੰਦੀਪ ਸਿੰਘ ਗਿੱਲ ਤੇ ਗੌਤਮ ਗੋਇਲ ਮੌਕੇ ‘ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਨਹਿਰ ’ਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਬਾਹਰ ਕੱਢਿਆ। ਬਾਹਰ ਕੱਢਣ ਉਪਰੰਤ ਟੀਮ ਵੱਲੋਂ ਉਸ ਨੂੰ ਤੁਰੰਤ ਮੁੱਢਲੀ ਮਦਦ ਦਿੱਤੀ ਗਈ। ਇਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਉਸ ਵਿਅਕਤੀ ਨੂੰ ਸਹਾਰਾ ਐਂਬੂਲੈਂਸ ਰਾਹੀਂ ਤੁਰੰਤ ਬਠਿੰਡਾ ਦੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਹਾਰਾ ਟੀਮ ਵੱਲੋਂ ਮਨੁੱਖਤਾ ਦਾ ਸਬੂਤ ਦਿੰਦਿਆਂ ਮ੍ਰਿਤਕ ਦੇ ਮੋਬਾਈਲ ਫੋਨ ਵਿੱਚੋਂ ਸਿਮ ਕੱਢ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਮ੍ਰਿਤਕ ਦੀ ਪਛਾਣ ਸ਼ਾਦੀ ਰਾਮ ਸਿੰਗਲਾ (79) ਵਾਸੀ ਅਗਰਵਾਲ ਕਾਲੋਨੀ ਬਠਿੰਡਾ ਦਾ ਰਹਿਣ ਵਾਲਾ ਸੀ। ਉਧਰ ਥਾਣਾ ਥਰਮਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਪੂਰੀ ਕੀਤੀ ਗਈ। ਪੁਲਿਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।