ਅੱਤ ਦੀ ਠੰਢ ਤੋਂ ਬਚਾਅ ਲਈ ਬੇਸਹਾਰਿਆਂ ਨੂੰ ਵੰਡੇ ਕੰਬਲ
ਕੜਾਕੇ ਦੀ ਠੰਢ ਵਿੱਚ ਸਹਾਰਾ ਨੇ ਬੇਸਹਾਰਾ ਨੂੰ ਕੰਬਲ ਵੰਡੇ
Publish Date: Sat, 03 Jan 2026 04:16 PM (IST)
Updated Date: Sun, 04 Jan 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਇਲਾਕੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੌਰਾਨ ਬੇਸਹਾਰਾ ਅਤੇ ਗਰੀਬ ਲੋਕਾਂ ਨੂੰ ਰਾਤ ਸਮੇਂ ਠੰਢ ਤੋਂ ਬਚਾਉਣ ਲਈ ਸਹਾਰਾ ਜਨ ਸੇਵਾ ਵੱਲੋਂ ਸਰਾਹਣਯੋਗ ਪਹਿਲ ਕੀਤੀ ਜਾ ਰਹੀ ਹੈ। ਸਹਾਰਾ ਜਨ ਸੇਵਾ ਦੀਆਂ ਦੋ ਰੈਸਕਿਊ ਟੀਮਾਂ ਵੱਲੋਂ ਰਾਤ ਦੇ ਸਮੇਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ, ਫੁੱਟਪਾਥਾਂ ਅਤੇ ਖੁੱਲ੍ਹੇ ਸਥਾਨਾਂ ‘ਤੇ ਸੌਂਅ ਰਹੇ ਲੋੜਵੰਦ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ। ਇਸ ਸੇਵਾ ਕਾਰਜ ਦੌਰਾਨ ਰੈਸਕਿਊ ਟੀਮ ਦੇ ਮੈਂਬਰ ਸੰਦੀਪ ਗੋਇਲ, ਵਿਜੇ ਗੋਇਲ, ਸੰਦੀਪ ਗਿੱਲ, ਵਿਕੀ ਕੁਮਾਰ ਅਤੇ ਲੱਕੀ ਗਰਗ ਵੱਲੋਂ ਸ਼ਹਿਰ ਦੇ ਕਈ ਇਲਾਕਿਆਂ ਦਾ ਦੌਰਾ ਕਰਕੇ ਠੰਢ ਨਾਲ ਕੰਬ ਰਹੇ ਲੋਕਾਂ ਨੂੰ ਕੰਬਲ ਦਿੱਤੇ ਗਏ, ਤਾਂ ਜੋ ਉਹ ਰਾਤ ਦੀ ਸਖ਼ਤ ਠੰਢ ਤੋਂ ਬਚ ਸਕਣ। ਸਹਾਰਾ ਜਨ ਸੇਵਾ ਦੇ ਸੇਵਾਦਾਰ ਗੌਤਮ ਗੋਇਲ ਨੇ ਦੱਸਿਆ ਕਿ ਸੰਗਠਨ ਵੱਲੋਂ ਹਰ ਰੋਜ਼ ਰਾਤ ਸਮੇਂ ਇਹ ਰੈਸਕਿਊ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਠੰਢ ਦਾ ਮੌਸਮ ਰਹੇਗਾ, ਤਦ ਤੱਕ ਸਹਾਰਾ ਜਨ ਸੇਵਾ ਦੀਆਂ ਟੀਮਾਂ ਵੱਲੋਂ ਲੋੜਵੰਦਾਂ ਨੂੰ ਗਰਮ ਕੰਬਲ ਵੰਡਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਵੀ ਅੱਗੇ ਆ ਕੇ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਕੋਈ ਵੀ ਵਿਅਕਤੀ ਠੰਢ ਕਾਰਨ ਆਪਣੀ ਜਾਨ ਨਾ ਗਵਾ ਬੈਠੇ। ਸਹਾਰਾ ਜਨ ਸੇਵਾ ਵੱਲੋਂ ਕੀਤੀ ਜਾ ਰਹੀ ਇਸ ਮਨੁੱਖੀ ਸੇਵਾ ਦੀ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਜਾ ਰਹੀ ਹੈ।