ਪੱਤਰਕਾਰਾਂ ’ਤੇ ਪਰਚਾ ਦਰਜ ਕਰਨ ਦੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਨਿਖੇਧੀ
ਪੱਤਰਕਾਰਾਂ ਤੇ ਪਰਚਾ ਦਰਜ਼ ਕਰਨ ਦੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਨੇ ਕੀਤੀ ਜ਼ੋਰਦਾਰ ਨਿਖੇਧੀ
Publish Date: Sat, 03 Jan 2026 04:14 PM (IST)
Updated Date: Sun, 04 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਨਵੇਂ ਵਰ੍ਹੇ ਦੀ ਆਮਦ ’ਤੇ ਪੰਜਾਬ ਸਰਕਾਰ ਵੱਲੋਂ ਕੁਝ ਪੱਤਰਕਾਰਾਂ ਸਮੇਤ ਕੁੱਲ 10 ਜਣਿਆਂ ਖਿਲਾਫ ਥਾਣਾ ਸਿਟੀ ਲੁਧਿਆਣਾ ਦੇ ਸਾਈਬਰ ਸੈੱਲ ਵਿਖੇ ਪਰਚਾ ਦਰਜ ਕਰਨ ਦੀ ਤਲਵੰਡੀ ਸਾਬੋ ਨਗਰ ਦੇ ਪੱਤਰਕਾਰਾਂ ਦੀ ਨੁਮਾਇੰਦਾ ਜਥੇਬੰਦੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਜ਼ੋਰਦਾਰ ਨਿਖੇਧੀ ਕਰਦਿਆਂ ਤੁਰੰਤ ਉਕਤ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਕਲੱਬ ਪ੍ਰਧਾਨ ਮੁਨੀਸ਼ ਗਰਗ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਪੱਤਰਕਾਰਾਂ ਤੋਂ ਇਲਾਵਾ ਆਰਟੀਆਈ ਤੇ ਸੋਸ਼ਲ ਮੀਡੀਆ ਕਾਰਕੁੰਨਾਂ ਖਿਲਾਫ ਦਰਜ਼ ਕੀਤੇ ਮਾਮਲੇ ਨੂੰ ਪ੍ਰੈੱਸ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਮੰਗ ਕੀਤੀ ਗਈ ਕਿ ਉਕਤ ਮਾਮਲੇ ਨੂੰ ਬਿਨਾਂ ਦੇਰੀ ਤੁਰੰਤ ਖਾਰਜ ਕੀਤਾ ਜਾਵੇ। ਪ੍ਰੈੱਸ ਕਲੱਬ ਦੇ ਸਮੂੰਹ ਅਹੁਦੇਦਾਰਾਂ/ਮੈਂਬਰਾਂ ਨੇ ਇਸ ਮੌਕੇ ਵਿਸ਼ਵਾਸ ਦਵਾਇਆ ਕਿ ਮਾਮਲੇ ਸਬੰਧੀ ਪੱਤਰਕਾਰ ਭਾਈਚਾਰੇ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ। ਉਸ ’ਚ ਦਮਦਮਾ ਸਾਹਿਬ ਪ੍ਰੈੱਸ ਕਲੱਬ ਹਰ ਪੱਖੋਂ ਯੋਗਦਾਨ ਪਾਵੇਗਾ। ਮੀਟਿੰਗ ’ਚ ਪਾਸ ਮਤੇ ’ਤੇ ਕਲੱਬ ਦੇ ਸਰਪ੍ਰਸਤ ਰਣਜੀਤ ਸਿੰਘ ਰਾਜੂ, ਚੇਅਰਮੈਨ ਜਗਜੀਤ ਸਿੰਘ ਸਿੱਧੂ, ਮੀਤ ਪ੍ਰਧਾਨ ਲਖਵਿੰਦਰ ਸ਼ਰਮਾਂ, ਸਕੱਤਰ ਭਾਈ ਮਾਨ ਸਿੰਘ, ਖ਼ਜ਼ਾਨਚੀ ਰਾਮ ਜਿੰਦਲ ਜਗਾ, ਪ੍ਰੈੱਸ ਸਕੱਤਰ ਗੁਰਜੰਟ ਸਿੰਘ ਨਥੇਹਾ, ਰਵਜੋਤ ਸਿੰਘ ਰਾਹੀ, ਹਰਭਜਨ ਸਿੰਘ ਖਾਲਸਾ, ਗੁਰਸੇਵਕ ਸਿੰਘ, ਪਰਵਿੰਦਰ ਸਿੰਘ, ਅੰਮ੍ਰਿਤ ਮਲਕਾਣਾ, ਕਮਲਦੀਪ ਸਿੰਘ ਸਾਰੇ ਕਾਰਜਕਾਰਨੀ ਮੈਂਬਰਾਂ ਤੋਂ ਇਲਾਵਾ ਮੈਂਬਰਾਂ ਸੁਰਿੰਦਰ ਦਮਦਮੀ ਤੇ ਖੁਸ਼ਦੀਪ ਸਿੰਘ ਖੁਸ਼ੀ ਗਿੱਲ ਨੇ ਵੀ ਸਹਿਮਤੀ ਪ੍ਰਗਟਾਈ।