ਲੋਕਾਂ ਨੇ ਗੁਰੂਘਰ ’ਚ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ
ਮਾਮਲਾ ਗੁਰਦੁਆਰਾ ਸਾਹਿਬ ਵਿਖੇ ਵੀਡਿਓ ਬਣਾਉਣ ਦਾ ਵਿਵਾਦ
Publish Date: Fri, 02 Jan 2026 07:03 PM (IST)
Updated Date: Sat, 03 Jan 2026 04:11 AM (IST)
-ਗੁਰਦੁਆਰਾ ਸਾਹਿਬ ਵਿਖੇ ਵੀਡਿਓ ਬਣਾਉਣ ਦਾ ਵਿਵਾਦ ਭਖਿਆ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਪਿੰਡ ਕੁੱਤੀਵਾਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਔਰਤ ਦੀ ਵੀਡਿਓ ਬਣਾਉਣ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਅੱਜ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ। ਇਸ ਮੌਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਆਪਣੇ ਪੱਧਰ ‘ਤੇ ਕਰਨ ਦੇ ਸੰਕਲਪ ਨੂੰ ਮੁੜ ਦੋਹਰਾਇਆ। ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਐਤਵਾਰ ਨੂੰ ਪਵੇਗਾ। ਇਸ ਦੌਰਾਨ ਐਸਡੀਐਮ ਮੌੜ ਸੁਖਰਾਜ ਸਿੰਘ ਢਿੱਲੋਂ, ਡੀਐਸਪੀ ਮੌੜ ਕੁਲਦੀਪ ਸਿੰਘ ਬਰਾੜ, ਐੱਸਐੱਚਓ ਮੌੜ ਸਮੇਤ ਪ੍ਰਸ਼ਾਸਨਿਕ ਅਮਲਾ ਮਾਮਲੇ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ ਲਈ ਸਰਗਰਮ ਨਜ਼ਰ ਆਇਆ।
ਦੂਜੇ ਪਾਸੇ ਬੁੱਢਾ ਦਲ ਦੇ ਖਾਲਸਾ ਬਾਬਾ ਜੱਸਾ ਸਿੰਘ ਜੀ ਦੀ ਅਗਵਾਈ ਹੇਠ ਨਿਹੰਗ ਸਿੰਘ ਥਾਣਾ ਮੌੜ ਵਿਖੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਅੱਗੇ ਆਪਣਾ ਪੱਖ ਰੱਖਿਆ ਗਿਆ। ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪਿੰਡ ਵਾਸੀ ਗੱਲਬਾਤ ਲਈ ਤਿਆਰ ਹੋਏ। ਪਿੰਡ ਵਾਸੀਆਂ ਦੀ ਸਹਿਮਤੀ ਨਾਲ ਸੁਰਜੀਤ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਨਿੱਕਾ ਸਿੰਘ ਸਰਪੰਚ, ਜਰਸਵੀਰ ਸਿੰਘ ਜੱਸੀ, ਬਲਵੀਰ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ, ਸੁਖਪਾਲ ਸਿੰਘ ਫੌਜੀ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਬਲਕਰਨ ਸਿੰਘ, ਗੁਰਪ੍ਰੀਤ ਸਿੰਘ ਭੋਲਾ ਆਦਿ ਐੱਸਡੀਐੱਮ ਦਫ਼ਤਰ ਮੌੜ ਵਿਖੇ ਪੁੱਜੇ। ਦੋਵੇਂ ਧਿਰਾਂ ਵੱਲੋਂ ਪ੍ਰਸ਼ਾਸਨ ਦੇ ਸਾਹਮਣੇ ਆਪਣਾ-ਆਪਣਾ ਪੱਖ ਰੱਖਿਆ ਗਿਆ। ਗੱਲਬਾਤ ਉਪਰੰਤ ਦੱਸਿਆ ਗਿਆ ਕਿ ਮਾਮਲੇ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਦੋਵੇਂ ਧਿਰਾਂ ਦੀ ਬਾਬਾ ਬਲਵੀਰ ਸਿੰਘ ਨਾਲ ਮੁਲਾਕਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਵਿਵਾਦ ਦਾ ਕੋਈ ਠੋਸ ਹੱਲ ਨਿਕਲ ਸਕੇ।