ਚੇਅਰਮੈਨ ਭੱਲਾ ਵੱਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਭੇਟ
ਚੇਅਰਮੈਨ ਜਤਿੰਦਰ ਭੱਲਾ ਵੱਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ
Publish Date: Fri, 02 Jan 2026 06:08 PM (IST)
Updated Date: Sat, 03 Jan 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦੇ ਉਦੇਸ਼ ਨਾਲ ਸਰਕਾਰੀ ਆਈਟੀਆਈ ਫੂਲ ਵਿੱਚ ਇਕ ਪ੍ਰੇਰਣਾਦਾਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਈਟੀਆਈ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਅਤੇ ਉਨ੍ਹਾਂ ਦਾ ਹੌਸਲਾ ਅਫਜ਼ਾਈ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਜਤਿੰਦਰ ਭੱਲਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਜੀਵਨ ਵਿੱਚ ਅਨੁਸ਼ਾਸਨ, ਸੰਘਰਸ਼ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚਾਉਣ ਲਈ ਖੇਡਾਂ ਸਭ ਤੋਂ ਮਜ਼ਬੂਤ ਸਾਧਨ ਹਨ। ਖੇਡਾਂ ਨਾਲ ਜੁੜਿਆ ਨੌਜਵਾਨ ਸਰੀਰਕ ਤੌਰ ‘ਤੇ ਤੰਦਰੁਸਤ ਹੀ ਨਹੀਂ, ਸਗੋਂ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਬਣਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਸੁਧਾਰ ਟਰਸਟ ਵੱਲੋਂ ਸਿੱਖਿਆ, ਖੇਡਾਂ ਤੇ ਨੌਜਵਾਨਾਂ ਦੀ ਭਲਾਈ ਨਾਲ ਜੁੜੇ ਪ੍ਰੋਜੈਕਟਾਂ ਨੂੰ ਹਮੇਸ਼ਾਂ ਤਰਜੀਹ ਦਿੱਤੀ ਜਾਂਦੀ ਹੈ। ਭਵਿੱਖ ਵਿੱਚ ਵੀ ਇਲਾਕੇ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਲਈ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰਹਿਣਗੇ। ਉਨ੍ਹਾਂ ਆਈਟੀਆਈ ਪ੍ਰਬੰਧਨ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਹਰ ਪੱਖੋਂ ਵਿਕਸਿਤ ਹੋ ਸਕਣ। ਆਈਟੀਆਈ ਦੇ ਅਧਿਕਾਰੀਆਂ ਨੇ ਜਤਿੰਦਰ ਭੱਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡ ਕਿੱਟਾਂ ਮਿਲਣ ਨਾਲ ਖਿਡਾਰੀਆਂ ਦਾ ਮਨੋਬਲ ਕਾਫੀ ਵਧਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ’ਚ ਹਿੱਸਾ ਲੈਣ ਲਈ ਹੋਰ ਉਤਸ਼ਾਹ ਮਿਲੇਗਾ। ਇਸ ਮੌਕੇ ਸਰਕਾਰੀ ਆਈ ਟੀ ਆਈ ਦੀ ਪ੍ਰਿੰਸੀਪਲ ਪਰਮਜੀਤ ਕੌਰ ਕੁਲਾਰ ਪ੍ਰਿੰਸੀਪਲ,ਰਾਮ ਸਿੰਘ ਟ੍ਰੇਨਿੰਗ ਅਫਸਰ ,ਕੁਲਵਿੰਦਰ ਕੌਰ ਸੁਪਰਡੈਂਟ, ਗਗਨ ਗਰਗ ਡਰਾਇੰਗ ਇੰਸਟਕਟਰ, ਸੁਸ਼ੀਲ ਧੀਰ ਸੀਨੀਅਰ ਸਹਾਇਕ, ਅਮਨ ਜਿੰਦਲ ਸੀਨੀਅਰ ਸਹਾਇਕ, ਰਣਜੀਤ ਸਿੰਘ ਪੀਟੀਆਈ, ਅਮਨਦੀਪ ਸਿੰਘ ਪਲੰਬਰ ਇੰਸਟਕਟਰ, ਗਗਨਜੀਤ ਸਿੰਘ ਕਲਰਕ, ਅਰਪਨ ਗਿੱਲ ਵੈਲਡਰ ਇੰਸ ਅਤੇ ਲਵਪ੍ਰੀਤ ਸਿੰਘ ਕਲਰਕ ਹਾਜ਼ਰ ਸਨ।