ਓਟੀਐੱਸ ਯੋਜਨਾ ਦੀ ਮਿਆਦ ਵਧਣ ’ਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਧੰਨਵਾਦ
ਓਟੀਐਸ ਯੋਜਨਾ ਦੀ ਮਿਆਦ ਵਧਾਉਣ ’ਤੇ ਪੰਜਾਬ ਰਾਜ ਵਪਾਰੀ ਕਮਿਸ਼ਨ ਵੱਲੋਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਧੰਨਵਾਦ
Publish Date: Fri, 02 Jan 2026 04:45 PM (IST)
Updated Date: Sat, 03 Jan 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਇਕ ਵਾਰ ਬੰਦੋਬਸਤ (ਓਟੀਐੱਸ) ਯੋਜਨਾ 2025 ਦੀ ਮਿਆਦ 31 ਮਾਰਚ 2026 ਤਕ ਵਧਾਉਣ ਦੇ ਫੈਸਲੇ ਦਾ ਪੰਜਾਬ ਦੇ ਵਪਾਰੀ ਤੇ ਵਪਾਰਕ ਭਾਈਚਾਰੇ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਇਸ ਸਬੰਧੀ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਰਾਜ ਭਰ ਦੇ ਵਪਾਰੀਆਂ ਦੀ ਤਰਫ਼ੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਵਪਾਰਕ ਭਾਈਚਾਰੇ ਨਾਲ ਜੁੜੇ ਲੰਬੇ ਸਮੇਂ ਤੋਂ ਲਟਕੇ ਟੈਕਸ ਸਬੰਧੀ ਮਸਲਿਆਂ ਨੂੰ ਸੰਵੇਦਨਸ਼ੀਲ ਤੇ ਵਿਹਾਰਕ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਓਟੀਐੱਸ ਯੋਜਨਾ ਦਾ ਵਿਸਥਾਰ ਖਾਸ ਕਰ ਕੇ ਵਿੱਤੀ ਸਾਲ ਦੀ ਆਖ਼ਰੀ ਤਿਮਾਹੀ ਦੌਰਾਨ ਵਪਾਰੀਆਂ ’ਤੇ ਪੈਣ ਵਾਲੇ ਪਾਲਣਾ ਬੋਝ ਤੇ ਪ੍ਰਕਿਰਿਆਤਮਕ ਚੁਣੌਤੀਆਂ ਨੂੰ ਸਮਝਣ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਜੀਐੱਸਟੀ ਤੋਂ ਪਹਿਲਾਂ ਦੇ ਕਾਨੂੰਨਾਂ, ਜਿਵੇਂ ਕਿ ਵੈਟ ਅਤੇ ਕੇਂਦਰੀ ਵਿਕਰੀ ਕਰ, ਨਾਲ ਸਬੰਧਤ ਪੁਰਾਣੇ ਵਿਵਾਦਾਂ ਦੇ ਨਿਬੇੜੇ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਵਿਆਜ, ਜੁਰਮਾਨਿਆਂ ਤੇ ਯੋਗ ਟੈਕਸ ਰਕਮ ’ਤੇ ਦਿੱਤੀਆਂ ਛੂਟਾਂ ਕਾਰਨ ਵਪਾਰੀਆਂ ਵਿਚ ਭਰੋਸਾ ਪੈਦਾ ਹੋਇਆ ਹੈ ਤੇ ਵੱਡੀ ਗਿਣਤੀ ਵਿਚ ਅਰਜ਼ੀਆਂ ਆਉਣਾ ਮੌਜੂਦਾ ਸਰਕਾਰ ਦੀਆਂ ਨੀਤੀਆਂ ’ਤੇ ਭਰੋਸੇ ਨੂੰ ਦਰਸਾਉਂਦਾ ਹੈ। ਚੇਅਰਮੈਨ ਨੇ ਸਾਰੇ ਵਪਾਰੀਆਂ, ਸਨਅਤਕਾਰਾਂ ਤੇ ਚੌਲ ਮਿੱਲਰਾਂ ਨੂੰ ਅਪੀਲ ਕੀਤੀ ਕਿ ਉਹ ਵਧਾਈ ਗਈ ਮਿਆਦ ਦਾ ਲਾਭ ਉਠਾਉਣ ਅਤੇ ਨਿਰਧਾਰਿਤ ਸਮੇਂ ਅੰਦਰ ਓਟੀਐੱਸ ਯੋਜਨਾ ਦੀ ਚੋਣ ਕਰਕੇ ਆਪਣੇ ਲੰਬਿਤ ਬਕਾਏ ਨਿਪਟਾਉਣ। ਉਨ੍ਹਾਂ ਕਿਹਾ ਕਿ ਇਹ ਭਵਿੱਖ ਦੀ ਮੁਕੱਦਮੇਬਾਜ਼ੀ ਤੋਂ ਬਚਣ ਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਸਾਫ਼ ਰਿਕਾਰਡ ਨਾਲ ਕਰਨ ਦਾ ਮਹੱਤਵਪੂਰਨ ਮੌਕਾ ਹੈ। ਅੰਤ ਵਿਚ ਅਨਿਲ ਠਾਕੁਰ ਨੇ ਭਰੋਸਾ ਦਿਵਾਇਆ ਕਿ ਪੰਜਾਬ ਰਾਜ ਵਪਾਰੀ ਕਮਿਸ਼ਨ ਯੋਜਨਾ ਬਾਰੇ ਜਾਗਰੂਕਤਾ ਫੈਲਾਉਣ ਤੇ ਇਸਦੇ ਸੁਚਾਰੂ ਲਾਗੂ ਕਰਨ ਲਈ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗਾ।