ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ 5 ਤੋਂ ਸ਼ੁਰੂ
ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰੋਗਰਾਮ ਦੀ ਸ਼ੁਰੂਆਤ 5 ਜਨਵਰੀ ਨੂੰ
Publish Date: Fri, 02 Jan 2026 04:43 PM (IST)
Updated Date: Sat, 03 Jan 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜ ਪੱਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੀ ਮੁੱਖ ਯੋਜਨਾ ‘ਮਿਸ਼ਨ ਪ੍ਰਗਤੀ’ ਦੀ ਸ਼ੁਰੂਆਤ 5 ਜਨਵਰੀ 2026 ਨੂੰ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਕੀਤੀ ਜਾਵੇਗੀ। ਇਸ ਦਾ ਉਦਘਾਟਨ ਪ੍ਰਮੁੱਖ ਅਕਾਦਮਿਕ ਵਿਦਵਾਨਾਂ ਤੇ ਪ੍ਰਸਿੱਧ ਯੂਨੀਵਰਸਿਟੀਆਂ, ਜਿਵੇਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਵਾਈਸ ਚਾਂਸਲਰਾਂ ਦੀ ਮੌਜੂਦਗੀ ਵਿਚ ਕੀਤਾ ਜਾਵੇਗਾ। ਖ਼ਾਸ ਕਰਕੇ ਪਿੰਡਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਮੈਰੀਟੋਰੀਅਸ ਵਿਦਿਆਰਥੀਆਂ ਦੀ ਸਹਾਇਤਾ ਲਈ ਤਿਆਰ ਕੀਤੀ ਗਈ ਹੈ, ਜਿਨ੍ਹਾਂ ਕੋਲ ਉੱਚ-ਗੁਣਵੱਤਾ ਤੇ ਕਿਫ਼ਾਇਤੀ ਕੋਚਿੰਗ ਤਕ ਪਹੁੰਚ ਨਹੀਂ ਹੁੰਦੀ। ਇਹ ਸੁਪਰ-30 ਮਾਡਲ ਅਧੀਨ ਹੋਵੇਗਾ, ਜਿਸ ਵਿਚ 30 ਵਿਦਿਆਰਥੀਆਂ ਦੀ ਚੋਣ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ। ਜਿਸ ਅਧੀਨ ਅਕਾਦਮਿਕ ਕੋਚਿੰਗ ਦੇ ਨਾਲ-ਨਾਲ ਸਰੀਰਕ ਤਿਆਰੀ ਵੀ ਕਰਵਾਈ ਜਾਵੇਗੀ, ਖ਼ਾਸ ਕਰਕੇ ਪੰਜਾਬ ਪੁਲਿਸ, ਸੈਨਾ ਭਰਤੀ ਤੇ ਸੀ-ਪਾਈਟ ਵਰਗੀਆਂ ਭਰਤੀਆਂ ਲਈ। ਇਸ ਯੋਜਨਾ ਅਧੀਨ ਮਾਹਿਰ ਅਧਿਆਪਕ ਗਣਿਤ, ਤਰਕਸ਼ੀਲਤਾ, ਜਨਰਲ ਸਟੱਡੀਜ਼/ਕਰੰਟ ਅਫੇਅਰਜ਼ ਤੇ ਅੰਗਰੇਜ਼ੀ ਵਰਗੇ ਮੁੱਖ ਵਿਸ਼ਿਆਂ ’ਚ ਕੋਚਿੰਗ ਪ੍ਰਦਾਨ ਕਰਨਗੇ, ਨਾਲ ਹੀ ਨਿਯਮਤ ਮੌਕ ਟੈਸਟ, ਪ੍ਰਦਰਸ਼ਨ ਟ੍ਰੈਕਿੰਗ ਅਤੇ ਮਾਰਗਦਰਸ਼ਨ ਵੀ ਕੀਤਾ ਜਾਵੇਗਾ। ਸਰੀਰਕ ਟ੍ਰੇਨਿੰਗ ਪ੍ਰਸ਼ਿਕਸ਼ਿਤ ਇੰਸਟਰਕਟਰਾਂ ਦੀ ਦੇਖ-ਰੇਖ ’ਚ ਨਿਰਧਾਰਿਤ ਮੈਦਾਨਾਂ ’ਚ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਦੀ ਪੂਰਨ ਤਿਆਰੀ ਯਕੀਨੀ ਬਣਾਈ ਜਾ ਸਕੇ।