ਸ੍ਰੀ ਸੁਖਮਨੀ ਸਾਹਿਬ ਪਾਠ ਦੇ ਪਾਏ ਭੋਗ
ਸਰਬੱਤ ਦੇ ਭਲੇ ਦੀ ਕਾਮਨਾ ਲਈ ਸੁਖਮਨੀ ਸਾਹਿਬ ਪਾਠ ਦੇ ਪਾਏ ਭੋਗ
Publish Date: Fri, 02 Jan 2026 04:38 PM (IST)
Updated Date: Sat, 03 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਸਥਾਨਕ ਸੇਵਾ ਕੇਂਦਰ ਵਿਖੇ ਆਤਮਿਕ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਲਈ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਤੇ ਮੁੱਖ ਮੰਤਰੀ ਖੇਤਰੀ ਫੀਲਡ ਅਫਸਰ ਰਮਨਜੀਤ ਤੇ ਚੇਅਰਮੈਨ ਨੀਲ ਗਰਗ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਵੇਂ ਸਾਲ ਦੀ ਸ਼ੁਰੂਆਤ ਧਾਰਮਿਕ ਕਾਰਜਾਂ ਨਾਲ ਕਰਨ ਨੂੰ ਇਕ ਸ਼ੁਭ ਪਹਿਲ ਦੱਸਦਿਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਏਡੀਸੀ ਜਨਰਲ ਪੂਨਮ ਸਿੰਘ ਨੇ ਕਿਹਾ ਕਿ ਅਜਿਹੇ ਆਤਮਿਕ ਸਮਾਗਮ ਮਨੁੱਖ ਨੂੰ ਸੇਵਾ ਭਾਵ, ਸਹਿਯੋਗ ਅਤੇ ਇਮਾਨਦਾਰੀ ਨਾਲ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਸਾਲ ਵਿਚ ਪ੍ਰਸ਼ਾਸਨ ਅਤੇ ਕਰਮਚਾਰੀ ਜਨਤਾ ਨੂੰ ਹੋਰ ਬਿਹਤਰ ਅਤੇ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨਗੇ। ਸਮਾਗਮ ਦੇ ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੇਵਾ ਕੇਂਦਰ ਪ੍ਰਬੰਧਨ ਵੱਲੋਂ ਇਸ ਪਾਵਨ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਮੈਨੇਜਰ ਰਾਜਵੀਰ ਸਿੰਘ ਤੋਂ ਇਲਾਵਾ ਸੇਵਾ ਕੇਂਦਰ ਦੇ ਕਰਮਚਾਰੀ ਆਦਿ ਹਾਜ਼ਰ ਸਨ।