ਪੱਤਰਕਾਰ ਭਾਈਚਾਰਾ 4 ਨੂੰ ਚੰਡੀਗੜ੍ਹ ’ਚ ਕਰੇਗਾ ਰੋਸ ਮੁਜ਼ਾਹਰਾ
ਪੱਤਰਕਾਰਾਂ 'ਤੇ ਦਰਜ ਕੀਤੇ ਕੇਸ ਦਾ ਮਾਮਲਾ
Publish Date: Fri, 02 Jan 2026 04:25 PM (IST)
Updated Date: Sat, 03 Jan 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਖਿਲਾਫ ਦਰਜ ਕੀਤੇ ਮਾਮਲੇ ਵਿਚ ਪੱਤਰਕਾਰ ਭਾਈਚਾਰੇ ਵੱਲੋਂ 4 ਜਨਵਰੀ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਬਠਿੰਡਾ ਪ੍ਰੈੱਸ ਕਲੱਬ ਵਿੱਚ ਪ੍ਰਧਾਨ ਬਖਤੌਰ ਸਿੰਘ ਢਿੱਲੋ ਦੀ ਅਗਵਾਈ ਹੇਠ ਹੋਈ ਪੱਤਰਕਾਰਾਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ। ਉਹਨਾਂ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਕੁਝ ਪੱਤਰਕਾਰਾਂ ਨੇ ਸਰਕਾਰ ਉੱਪਰ ਸਵਾਲ ਉਠਾਏ ਸਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ 10 ਪੱਤਰਕਾਰਾਂ ਖਿਲਾਫ ਕੇਸ ਦਰਜ ਕਰ ਲਿਆ। ਪੰਜਾਬ ਸਰਕਾਰਾ ਪੱਤਰਕਾਰਾਂ ਦੀ ਜੁਬਾਨਬੰਦੀ ਕਰਨ ’ਤੇ ਤੁਲੀ ਹੋਈ ਹੈ। ਬਖਤੌਰ ਢਿੱਲੋ ਨੇ ਕਿਹਾ ਕਿ ਜਿਹੜੇ ਸਵਾਲ ਵਿਰੋਧੀ ਧਿਰ ਵਿੱਚ ਹੁੰਦਿਆਂ ਮੁੱਖ ਮੰਤਰੀ ਖੁਦ ਕਰਦੇ ਸਨ, ਹੁਣ ਅਜਿਹੇ ਸਵਾਲ ਕਰਨ ਵਾਲੇ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ। ਸਮੁੱਚਾ ਪੱਤਰਕਾਰ ਭਾਈਚਾਰਾ ਚਾਰ ਜਨਵਰੀ ਨੂੰ ਚੰਡੀਗੜ੍ਹ ਸੈਕਟਰ 17 ਵਿਖੇ ਸਰਕਾਰ ਖਿਲਾਫ ਆਪਣਾ ਵਿਰੋਧ ਪ੍ਰਦਰਸ਼ਨ ਕਰੇਗਾ। ਇਸ ਤੋਂ ਬਾਅਦ 8 ਜਨਵਰੀ ਨੂੰ ਬਠਿੰਡਾ ਵਿੱਚ ਪੱਤਰਕਾਰਾਂ ਤੇ ਜਨਤਕ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਜਾਵੇਗੀ, ਜਿਸ ਤੋਂ ਬਾਅਦ ਵਿਸ਼ਾਲ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਜਨਤਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਕੁਝ ਨੁਮਾਇੰਦੇ ਇਸ ਰੋਸ ਮੁਜ਼ਾਹਰੇ ’ਚ ਜ਼ਰੂਰ ਭੇਜਣ। ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਗੁਰਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਪੱਤਰਕਾਰਾਂ ਖਿਲਾਫ ਦਰਜ ਮਾਮਲੇ ਸਬੰਧੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਡੀਐਮ ਨੂੰ ਯੂਨੀਅਨ ਵੱਲੋਂ ਮੰਗ ਪੱਤਰ ਦੇ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇਗਾ ਤੇ 4 ਜਨਵਰੀ ਦੇ ਪ੍ਰਦਰਸ਼ਨ ਵਿਚ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ, ਪੱਤਰਕਾਰ ਪਰਵਿੰਦਰਜੀਤ ਸਿੰਘ, ਮਨਿੰਦਰ ਸਿੰਘ ਸਿੱਧੂ, ਰਤਨ ਸਿੰਘ ਧਾਲੀਵਾਲ, ਮਨਦੀਪ ਸਿੰਘ ਮੱਕੜ, ਮਿੰਟੂ ਗੁਰੂਸਰੀਆ, ਮਾਣਕ ਗੋਇਲ, ਸੂਰਜ ਸ਼ਰਮਾ, ਭੂਸ਼ਣ ਜਿੰਦਲ, ਰਣਜੀਤ ਸਿੰਘ ਗਿੱਲ, ਜਸ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਪੱਤਰਕਾਰ ਹਾਜ਼ਰ ਸਨ।